ਨਿਊਜ਼ ਪੰਜਾਬ
8, ਮਾਰਚ,2026
ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਲਾਣਾ ਬੇਟ ਦਾ ਨਿਵਾਸੀ ਅਤੇ ਫੌਜ ਵਿੱਚ ਬਟਾਲੀਅਨ ਹਵਲਦਾਰ ਮੈਨੇਜਰ (BHM) ਰਾਜਵਿੰਦਰ ਸਿੰਘ (39) ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਇਸ ਸਮੇਂ 31 ਫੀਲਡ ਰੈਜੀਮੈਂਟ ਜੈਸਲਮੇਰ (ਰਾਜਸਥਾਨ) ਵਿੱਚ ਤੈਨਾਤ ਸੀ ਅਤੇ 6 ਮਾਰਚ ਦੀ ਦੁਪਹਿਰ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਜਵਿੰਦਰ ਸਿੰਘ ਪਿਛਲੇ 19 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਪਤਨੀ, ਦੋ ਛੋਟੇ ਪੁੱਤਰ ਅਤੇ ਬਜ਼ੁਰਗ ਮਾਤਾ ਹਨ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ 8 ਮਾਰਚ ਨੂੰ ਪਿੰਡ ਸਲਾਣਾ ਬੇਟ ਲਿਆਂਦੀ ਜਾਵੇਗੀ, ਜਿੱਥੇ ਉਸਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਸਦੀ ਸ਼ਹਾਦਤ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
