ਨਿਊਜ਼ ਪੰਜਾਬ
5 ਮਾਰਚ 2026
ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਇਸ ਦੌਰਾਨ ਅਮਰੀਕਾ ਨੇ ਭਾਰਤ ਤੋਂ ਵਾਪਸ ਜਾ ਰਹੇ ਈਰਾਨ ਦੇ ਜੰਗੀ ਜਹਾਜ਼ IRIS ਦੇਨਾ ਨੂੰ ਸ਼੍ਰੀਲੰਕਾ ਦੇ ਨੇੜੇ ਹਮਲਾ ਕਰਕੇ ਡੁਬੋ ਦਿੱਤਾ। ਸ਼੍ਰੀਲੰਕਾ ਸਰਕਾਰ ਮੁਤਾਬਕ ਹਮਲੇ ਵਿਚ ਕਈ ਈਰਾਨੀ ਜਵਾਨ ਮਾਰੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਹਿੰਦ ਮਹਾਸਾਗਰ ਵਿਚ ਮੌਜੂਦ ਅਮਰੀਕੀ ਪਣਡੁੱਬੀ ਨੇ ਟਾਰਪੀਡੋ ਹਮਲੇ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਜਹਾਜ਼ ‘ਤੇ ਕਰੀਬ 180 ਫੌਜੀ ਸਵਾਰ ਸਨ। ਸ਼੍ਰੀਲੰਕਾ ਨੇਵੀ ਵੱਲੋਂ ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਸਰਚ ਤੇ ਰੈਸਕਿਊ ਅਭਿਆਨ ਜਾਰੀ ਹੈ। ਇਹ ਜਹਾਜ਼ ਪਿਛਲੇ ਮਹੀਨੇ ਵਿਸ਼ਾਖਾਪਟਨਮ ਵਿਚ ਹੋਏ 2026 ਇੰਟਰਨੈਸ਼ਨਲ ਫਲੀਟ ਰਿਵਿਊ ਵਿਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਦੂਜੇ ਪਾਸੇ ਅਮਰੀਕਾ ਨੇ ਦੱਸਿਆ ਕਿ 28 ਫਰਵਰੀ ਤੋਂ ਹੁਣ ਤੱਕ 17,500 ਤੋਂ ਵੱਧ ਅਮਰੀਕੀ ਨਾਗਰਿਕ ਮੱਧ ਪੂਰਬ ਤੋਂ ਸੁਰੱਖਿਅਤ ਆਪਣੇ ਦੇਸ਼ ਵਾਪਸ ਲਿਆਂਦੇ ਜਾ ਚੁੱਕੇ ਹਨ।
