ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਤੱਕ ਲਿਜਾਏਗਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
-ਕਿਸਾਨ ਕੋਵਿਡ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਅਤੇ ਸਵੈ-ਸੁਰੱਖਿਆ ਲਈ ਮਾਸਕ ਪਹਿਨਣ-ਮੁੱਖ ਖੇਤੀਬਾੜੀ ਅਫ਼ਸਰ
-ਖੇਤੀ ਵਿਭਿੰਨਤਾ ਤਹਿਤ 50 ਫੀਸਦੀ ਸਬਸਿਡੀ ‘ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ
-ਬਿਜਾਈ ਦੌਰਾਨ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਖੇਤਾਂ ਵਿੱਚ ਜਾਗਰੂਕਤਾ ਮੁਹਿੰਮ ਆਰੰਭੀ
ਨਿਊਜ਼ ਪੰਜਾਬ
ਲੁਧਿਆਣਾ, 11 ਜੂਨ -ਸੂਬੇ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਿਹ’ ਸ਼ੁਰੂ ਕੀਤਾ ਗਿਆ ਹੈ, ਇਸ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਵਿਭਾਗਾਂ, ਸੰਸਥਾਵਾਂ ਅਤੇ ਹੋਰ ਧਿਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸੂਬੇ ਭਰ ਵਿੱਚ ਸਾਉਣੀ ਦਾ ਸੀਜ਼ਨ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ, ਜਿਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਬਿਮਾਰੀ ਤੋਂ ਬਚਣ ਅਤੇ ਹੋਰਾਂ ਨੂੰ ਬਚਾਉਣ ਬਾਰੇ ਜਾਗਰੂਕ ਕਰਨ ਦਾ ਬੀੜਾ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਆਪਣੇ ਮੋਢਿਆਂ ‘ਤੇ ਚੁੱਕਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਿਉਂਕਿ ਹੁਣ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਖੇਤਾਂ ਵਿੱਚ ਆਪਸੀ ਸਾਂਝੇਦਾਰੀ ਨਾਲ ਕੰਮ ਕਰ ਰਹੇ ਹਨ। ਅਜਿਹੇ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਆਪਸੀ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਅਤੇ ਵਾਰ-ਵਾਰ ਹੱਥਾਂ ਨੂੰ ਧੋਣ ਦੀ ਅਹਿਮੀਅਤ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ। ਇਸੇ ਲਈ ਹੀ ਵਿਭਾਗ ਵੱਲੋਂ ਹੁਣ ਖੇਤਾਂ ਵਿੱਚ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ ਗਈ ਹੈ।
ਉਨ•ਾਂ ਨੇ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ ਮਾਸਕ ਪਹਿਨਣ ਅਤੇ ਸਿਹਤ ਸੁਰੱਖਿਆ ਪੱਖੋਂ ਜ਼ਰੂਰੀ ਉਪਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਅਪੀਲ ਕੀਤੀ। ਉਨ•ਾਂ ਚੇਤਾਵਨੀ ਦਿੱਤੀ ਕਿ ਜਦੋਂ ਵਿਸ਼ਵ ਅੰਦਰ ਖਾਸਕਰ ਭਾਰਤ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤਾਂ ਪੰਜਾਬ ਇਕੱਲਿਆਂ ਬਚਿਆ ਨਹੀਂ ਰਹਿ ਸਕਦਾ। ਉਨ•ਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਖੁਦ ਵੀ ਬਚਣ ਅਤੇ ਹੋਰਾਂ ਨੂੰ ਵੀ ਇਸ ਦੇ ਚੁੰਗਲ ਵਿੱਚੋਂ ਬਚਾਉਣ।
ਸ੍ਰ. ਬੈਨੀਪਾਲ ਨੇ ਦੱਸਿਆ ਕਿ ਬਿਜਾਈ ਦੌਰਾਨ ਘੱਟ ਤੋਂ ਘੱਟ ਲੋਕ ਆਪਸੀ ਸੰਪਰਕ ਵਿੱਚ ਆਉਣ ਇਸ ਲਈ ਜ਼ਿਲ•ਾ ਲੁਧਿਆਣਾ ਵਿੱਚ 50 ਫੀਸਦੀ ਸਬਸਿਡੀ ‘ਤੇ 550 ਪੈਡੀ ਟਰਾਂਸਪਲਾਂਟਰ, 300 ਤੋਂ ਵਧੇਰੇ ਡੀ. ਐੱਸ. ਆਰ. ਅਤੇ ਹੋਰ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਕਣਕ ਦਾ ਨਾੜ ਸਾਂਭਣ ਲਈ ਵੀ ਖੇਤੀ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਈ ਗਈ ਸੀ।
ਉਨ•ਾਂ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਹੀ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਕੁੱਲ 2.75 ਲੱਖ ਹੈਕਟੇਅਰ ਵਿੱਚ ਖੇਤੀ ਕੀਤੀ ਜਾਂਦੀ ਹੈ, ਜਿਸ ਵਿੱਚੋਂ ਪਿਛਲੇ ਸਾਲ 2.53 ਲੱਖ ਹੈਕਟੇਅਰ ਵਿੱਚ ਝੋਨਾ (20 ਹਜ਼ਾਰ ਹੈਕਟੇਅਰ ਵਿੱਚ ਬਾਸਮਤੀ) ਲਗਾਇਆ ਗਿਆ ਸੀ। ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਹਿਤ ਇਸ ਵਾਰ 25 ਹਜ਼ਾਰ ਹੈਕਟੇਅਰ ਤੋਂ ਵਧੇਰੇ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਵਾਈ ਜਾ ਰਹੀ ਹੈ। ਮੱਕੀ ਦੇ ਬੀਜ ‘ਤੇ 185 ਰੁਪਏ ਅਤੇ ਹੋਰ ਖੇਤੀ ਇਨਪੁੱਟਸ ‘ਤੇ ਵੱਧ ਤੋਂ ਵੱਧ ਸਬਸਿਡੀ ਮੁਹੱਈਆ ਕਰਵਾਈ ਗਈ ਹੈ।