ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁਲਾਰਿਆਂ ਦੀ ਟੀਮ ਵਿੱਚ ਕੀਤਾ ਵਾਧਾ, ਅਮਨਬੀਰ ਸਿੰਘ ਸਿਆਲੀ ਨਿਯੁਕਤ

ਨਿਊਜ਼ ਪੰਜਾਬ

28 ਫ਼ਰਵਰੀ 2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਟੀਮ ਵਿੱਚ ਮਹੱਤਵਪੂਰਨ ਵਾਧਾ ਕਰਦੇ ਹੋਏ ਸੀਨੀਅਰ ਐਡਵੋਕੇਟ ਅਤੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੂੰ ਕਮੇਟੀ ਦਾ ਨਵਾਂ ਬੁਲਾਰਾ ਨਿਯੁਕਤ ਕੀਤਾ ਹੈ। ਹੁਣ ਉਹ ਕਾਨੂੰਨੀ ਮਾਮਲਿਆਂ ਅਤੇ ਕਮੇਟੀ ਨਾਲ ਸੰਬੰਧਤ ਮੀਟਿੰਗਾਂ ਦੌਰਾਨ ਮੀਡੀਆ ਚੈਨਲਾਂ ਅਤੇ ਅਖਬਾਰਾਂ ਵਿੱਚ ਕਮੇਟੀ ਦਾ ਪੱਖ ਪੇਸ਼ ਕਰਨਗੇ।

ਇਸ ਤੋਂ ਪਹਿਲਾਂ ਕਮੇਟੀ ਦੇ ਬੁਲਾਰਿਆਂ ਵਜੋਂ ਗੁਰਪ੍ਰੀਤ ਸਿੰਘ ਝੱਬਰ, ਅਮਰਜੀਤ ਸਿੰਘ ਚਾਵਲਾ ਅਤੇ ਗੁਰਚਰਨ ਸਿੰਘ ਗਰੇਵਾਲ ਕੰਮ ਕਰ ਰਹੇ ਸਨ। ਨਵੇਂ ਫੈਸਲੇ ਨਾਲ ਬੁਲਾਰਿਆਂ ਦੀ ਟੀਮ ਹੋਰ ਮਜ਼ਬੂਤ ਕੀਤੀ ਗਈ ਹੈ ਤਾਂ ਜੋ ਕਮੇਟੀ ਦਾ ਪੱਖ ਸੰਗਤਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ।

ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਕਮੇਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਪ੍ਰੀਤ ਸਿੰਘ ਝੱਬਰ (ਅੰਦਰੂਨੀ ਮੈਂਬਰ), ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ (ਮੈਂਬਰ), ਅਤੇ ਅਮਨਬੀਰ ਸਿੰਘ ਸਿਆਲੀ (ਕਾਨੂੰਨੀ ਸਲਾਹਕਾਰ) ਸੰਸਥਾ ਦੇ ਬੁਲਾਰਿਆਂ ਵਜੋਂ ਕੰਮ ਕਰਨਗੇ।