ਨਿਊਜ਼ ਪੰਜਾਬ
27 ਫ਼ਰਵਰੀ 2026
ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨ ‘ਪ੍ਰਹਾਰ’ ਤਹਿਤ ਸੀ.ਆਈ.ਏ ਸਟਾਫ ਮੋਗਾ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਟਲ, 6 ਮੈਗਜ਼ੀਨ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਇਹ ਕਾਰਵਾਈ ਆਈ.ਜੀ ਫਰੀਦਕੋਟ ਰੇਂਜ ਸ੍ਰੀਮਤੀ ਨੀਲਾਂਬਰੀ ਜਗਦਲੇ (IPS) ਅਤੇ ਐਸ.ਐਸ.ਪੀ ਮੋਗਾ ਸ੍ਰੀ ਅਜੈ ਗਾਂਧੀ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ, ਜਦਕਿ ਐਸ.ਪੀ (ਇਨਵੈਸਟਿਗੇਸ਼ਨ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐਸ.ਪੀ ਸੁਖਅਮ੍ਰਿਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਦੀ ਟੀਮ ਨੇ ਛਾਪੇਮਾਰੀ ਕੀਤੀ। 26 ਫਰਵਰੀ 2026 ਨੂੰ ਏ.ਐਸ.ਆਈ ਲਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਕੋਟਕਪੁਰਾ ਬਾਈਪਾਸ ਮੋਗਾ ਫਲਾਈਓਵਰ ਹੇਠ ਮੌਜੂਦ ਸੀ, ਜਦੋਂ ਮੁਖਬਰ ਤੋਂ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਵਾਸੀ ਰੱਤੋਕੇ ਅਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ ਨਜਾਇਜ਼ ਹਥਿਆਰਾਂ ਸਮੇਤ ਮੋਗਾ ਵਿੱਚ ਘੁੰਮ ਰਹੇ ਹਨ ਅਤੇ ਦਿੱਲੀ ਕਲੋਨੀ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਤੁਰੰਤ ਰੇਡ ਕਰਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਲਖਵਿੰਦਰ ਸਿੰਘ ਕੋਲੋਂ ਇਕ ਗਲੋਕ 9 ਐਮ.ਐਮ ਪਿਸਟਲ, ਇਕ ਦੇਸੀ .32 ਬੋਰ ਪਿਸਟਲ ਅਤੇ ਦੋ .30 ਬੋਰ ਪਿਸਟਲ ਮੈਗਜ਼ੀਨਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਹੋਏ, ਜਦਕਿ ਨਿਸ਼ਾਨ ਸਿੰਘ ਕੋਲੋਂ ਇਕ ਦੇਸੀ .30 ਬੋਰ ਪਿਸਟਲ, ਮੈਗਜ਼ੀਨ ਅਤੇ ਇਕ ਜ਼ਿੰਦਾ ਰੌਂਦ ਮਿਲਿਆ। ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਲਖਵਿੰਦਰ ਸਿੰਘ ਪਾਕਿਸਤਾਨ ਨਾਲ ਸੰਬੰਧਿਤ ਇਕ ਸਮੱਗਲਰ ਦੇ ਸੰਪਰਕ ਵਿੱਚ ਸੀ ਅਤੇ ਹਥਿਆਰ ਉੱਥੋਂ ਮੰਗਵਾਏ ਗਏ ਸਨ। ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਕੀਤੇ ਜਾ ਸਕਣ।
