ਸੁਖਪਾਲ ਸਿੰਘ ਖਹਿਰਾ ਦੇ ਘਰ ਨੇੜੇ ਭਾਰੀ ਪੁਲਿਸ ਕਾਰਵਾਈ, ਸਮਰਥਕਾਂ ਦਾ ਵਿਰੋਧ

ਨਿਊਜ਼ ਪੰਜਾਬ

23 ਫ਼ਰਵਰੀ 2026

ਕਪੂਰਥਲਾ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਨੇੜੇ ਅੱਜ ਸਵੇਰੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪੁਲਿਸ ਵੱਲੋਂ ਘਰ ਦੇ ਨੇੜੇ ਗਲੀ ਵਿੱਚ ਲੱਗੇ ਇੱਕ ਗੇਟ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਖਹਿਰਾ ਦੇ ਸਮਰਥਕਾਂ ਅਤੇ ਸਥਾਨਕ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਜਾਣਕਾਰੀ ਅਨੁਸਾਰ SSP ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਮੌਜੂਦ ਰਹੀ। ਕਾਰਵਾਈ ਦੌਰਾਨ ਵਿਧਾਇਕ ਖਹਿਰਾ ਆਪਣੇ ਘਰ ਵਿੱਚ ਹੀ ਮੌਜੂਦ ਸਨ। ਸਮਰਥਕਾਂ ਨੇ ਇਸਨੂੰ ਗੈਰ-ਕਾਨੂੰਨੀ ਕਾਰਵਾਈ ਕਰਾਰ ਦਿੰਦਿਆਂ ਵਿਰੋਧ ਕੀਤਾ।

ਕਾਰਵਾਈ ਤੋਂ ਪਹਿਲਾਂ ਖਹਿਰਾ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਸਵੇਰੇ 7 ਵਜੇ ਰਾਮਗੜ੍ਹ ਸਥਿਤ ਉਨ੍ਹਾਂ ਦੇ ਘਰ ਪਹੁੰਚਣ। ਉਨ੍ਹਾਂ ਦਾ ਦੋਸ਼ ਹੈ ਕਿ ‘ਆਪ’ ਸਰਕਾਰ ਬਿਨਾਂ ਨੋਟਿਸ ਝੂਠੇ ਕਾਰਨਾਂ ਕਰਕੇ ਘਰ ਦੇ ਹਿੱਸੇ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਮਰਥਕਾਂ ਨੂੰ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਨਾਲ ਖੜ੍ਹਨ ਦੀ ਅਪੀਲ ਕੀਤੀ।