ਮੁੜ ਸਖਤੀ – ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ‘ਤੇ ਰੋਕ ਕਿਉਂ ਲਗੀ – ਮੁੱਖ ਮੰਤਰੀ ਵਲੋਂ ਜਾਰੀ ਹੁਕਮ ਪੜ੍ਹੋ

ਮੁੱਖ ਮੰਤਰੀ ਨੇ ਸਮੂਹਿਕ ਫੈਲਾਅ ਦੇ ਡਰੋਂ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ‘ਤੇ ਰੋਕ ਲਾਈ
  ਦਿੱਲੀ ਦੀ ਚਿੰਤਾਜਨਕ ਸਥਿਤੀ ‘ਤੇ ਮੱਦੇਨਜ਼ਰ ਮਾਹਿਰਾਂ ਨੂੰ ਕੌਮੀ ਰਾਜਧਾਨੀ ਤੋਂ ਆਉਣ ਵਾਲਿਆਂ ‘ਤੇ ਸਖਤੀ ਨਾਲ ਰੋਕ ਲਾਉਣ ਲਈ ਕਿਹਾ
 ਨਿਊਜ਼ ਪੰਜਾਬ
ਚੰਡੀਗੜ੍ਹ, 11 ਜੂਨ – ਕੋਵਿਡ ਦੇ ਸਮੂਹਿਕ ਫੈਲਾਅ ਦੇ ਖਤਰੇ ਦੇ ਡਰੋਂ ਅਤੇ ਮਾਹਿਰਾਂ ਵੱਲੋਂ ਇਸ ਮਹਾਂਮਾਰੀ ਦਾ ਸਿਖਰ ਹਾਲੇ ਦੋ ਮਹੀਨਿਆਂ ਬਾਅਦ ਆਉਣ ਦੇ ਸੰਕੇਤਾਂ ਦੇ ਖਦਸ਼ਿਆਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਸਖਤੀ ਦੇ ਹੁਕਮ ਦਿੰਦਿਆਂ ਸਿਰਫ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
‘ਕੋਵਾ’ ਐਪ ਤੋਂ ਈ-ਪਾਸ
ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸੂਬੇ ਦੀ ਤਿਆਰੀਆਂ ਸਬੰਧੀ ਸੱਦੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ ‘ਕੋਵਾ’ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ।
ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ
ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਵੱਡੇ ਇਕੱਠ ਹੋਣ ਤੋਂ ਰੋਕਿਆ ਜਾਵੇ।
ਅਗਾਊਂ ਦਵਾਈ ਜਾਂ ਇਲਾਜ ਨਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਖਤ ਕਦਮ ਵਿਸ਼ਵ ਭਰ ਵਿੱਚ ਕੋਵਿਡ ਕੇਸਾਂ ਦੇ ਭਾਰੀ ਵਾਧੇ ਦੇ ਚੱਲਦਿਆਂ ਚੁੱਕੇ ਜਾਣੇ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਖਤ ਬੰਦਿਸ਼ਾਂ ਹੀ ਮਹਾਂਮਾਰੀ ਦੇ ਸਿਖਰ ਨੂੰ ਜਿੰਨਾ ਸੰਭਵ ਹੋਵੇ, ਉਨ੍ਹਾਂ ਟਾਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਰੋਕਣ ਦੀ ਅਗਾਊਂ ਦਵਾਈ ਜਾਂ ਇਲਾਜ ਨਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸਿਰਫ ਸਖਤ ਪ੍ਰੋਟੋਕੋਲ ਹੀ ਮਹਾਂਮਾਰੀ ਖਿਲਾਫ ਲੜਾਈ ਦਾ ਇਕੋ-ਇਕ ਰਾਸਤਾ ਹੈ।
ਇਹ ਚਿਤਾਵਨੀ ਦਿੰਦਿਆਂ ਕਿ ਮਹਾਂਮਾਰੀ ਆਉਂਦੇ ਦਿਨਾਂ ਅਤੇ ਹਫਤਿਆਂ ਵਿੱਚ ਖਤਰਨਾਕ ਰੂਪ ਧਾਰ ਸਕਦੀ ਹੈ, ਮੁੱਖ ਮੰਤਰੀ ਨੇ ਮੈਡੀਕਲ ਤੇ ਸਿਹਤ ਮਾਹਿਰਾਂ ਨੂੰ ਕਿਹਾ ਕਿ ਸਖਤ ਸ਼ਰਤਾਂ ਲਾਗੂ ਕਰਨ ਅਤੇ ਦਿੱਲੀ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਟੈਸਟ ਸਰਟੀਫਿਕੇਟ ਨੂੰ ਅਮਲ ਵਿੱਚ ਲਿਆਂਦਾ ਜਾਵੇ ਜਿੱਥੇ ਕਿ ਬਹੁਤ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਡੀ.ਜੀ.ਪੀ. ਨੇ ਮੀਟਿੰਗ ਵਿੱਚ ਦੱਸਿਆ ਕਿ ਕੌਮੀ ਰਾਜਧਾਨੀ ਤੋਂ ਪੰਜਾਬ ਵਿੱਚ ਰੋਜ਼ਾਨਾ ਔਸਤਨ 500 ਤੋਂ 800 ਵਾਹਨ ਆਉਂਦੇ ਹਨ।
ਬਾਹਰੋਂ ਪੁੱਜੇ ਜ਼ਿਆਦਾਤਰ ਵਿਅਕਤੀਆਂ ਵੱਲੋਂ
ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਹਿਰਾਂ ਵੱਲੋਂ ਸਮੀਖਿਆ ਕਰਨ ਤੋਂ ਬਾਅਦ ਦਿੱਲੀ ਤੋਂ ਆਉਣ ਵਾਲਿਆਂ ਸਖਤ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ।
ਇਹ ਪੱਖ ਸਾਹਮਣੇ ਲਿਆਉਂਦਿਆਂ ਕਿ ਸੂਬੇ ਅੰਦਰ ਬਾਹਰੋਂ ਪੁੱਜੇ ਜ਼ਿਆਦਾਤਰ ਵਿਅਕਤੀਆਂ ਵੱਲੋਂ ਗੈਰ-ਜ਼ਿੰਮੇਵਾਰਾਨਾ ਵਰਤਾਓ ਕੀਤਾ ਗਿਆ ਅਤੇ ਸਿਹਤ ਅਧਿਕਾਰੀਆਂ ਪਾਸ ਰਿਪੋਰਟ ਨਹੀਂ ਕੀਤੀ ਗਈ,  ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਜ਼ਰੂਰਤ ਹੈ, ਉਥੇ ਸਖਤ ਫੈਸਲੇ ਲੈਣੇ ਪੈਣਗੇ ਕਿਉਂਜੋ ਕੇਸਾਂ ਦਾ ਵਾਧਾ ਹਾਲੇ ਜਾਰੀ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾਂ ਹੈ।
ਪੁਲੀਸ ਮੁਖੀ ਨੂੰ ਨਿਰਦੇਸ਼
ਮੁੱਖ ਮੰਤਰੀ ਵੱਲੋਂ ਸੁਝਾਇਆ ਗਿਆ ਕਿ ਜਦ ਵਾਇਰਸ ਦੇ ਲੱਛਣ ਸਾਹਮਣੇ ਆਉਣ ਨੂੰ 3-4 ਦਿਨ ਲਗਦੇ ਹਨ, ਇਸ ਲਈ ਸੂਬੇ ਤੋਂ ਬਾਹਰਲੇ ਖੇਤਰਾਂ ਤੋਂ ਆਉਣ ਵਾਲਿਆਂ ਦਾ ਹਫਤੇ ਬਾਅਦ ਟੈਸਟ ਕੀਤਾ ਜਾਵੇ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਸਖਤੀ ਨਾਲ ਆਪਣੇ ਘਰਾਂ ਅੰਦਰ ਇਕਾਂਤਵਾਸ ਵਿੱਚ ਰਹਿਣ ਲਈ ਆਖਿਆ ਜਾਵੇ। ਉਨ੍ਹਾਂ ਘਰਾਂ ਅੰਦਰ ਇਕਾਂਤਵਾਸ ਨੂੰ ਸਖਤੀ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲੀਸ ਦੇ ਮੁਖੀ ਨੂੰ ਨਿਰਦੇਸ਼ ਵੀ ਦਿੱਤੇ। ਪੰਜਾਬ ਪੁਲੀਸ ਮੁਖੀ ਵੱਲੋਂ ਦੱਸਿਆ ਕਿ ਗਿਆ ਇਸ ਨੂੰ ਲਾਗੂ ਕਰਵਾਉਣ ਲਈ 550 ਪੁਲੀਸ ਦਸਤੇ ਕੰਮ ਕਰ ਰਹੇ ਹਨ।
ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦਾਖਲੇ ਦੀ ਜ਼ਿਆਦਾ ਫੀਸ ਲਏ ਜਾਣ ਸਬੰਧੀ ਸੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਰਾਹੀਂ ਮਿਲੀਆਂ ਸ਼ਿਕਾਇਤਾਂ ਸਬੰਧੀ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਸੀ.ਜੀ.ਐਚ.ਐਸ ਰੇਟ ਸਖਤੀ ਨਾਲ ਲਾਗੂ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬੈੱਡਾਂ ਦੀ ਉਪਲੱਬਧਤਾ ਅਤੇ ਹੋਰ ਅੰਕੜਿਆਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ।
ਆਏ ਵਿਗਾੜ ਨੂੰ ਵੇਖਦਿਆਂ ਦਿੱਤੀਆਂ ਗਈਆਂ ਹਦਾਇਤਾਂ
ਮੁੱਖ ਮੰਤਰੀ ਵੱਲੋਂ ਇਹ ਹਦਾਇਤਾਂ ਕੇਸਾਂ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਆਏ ਵਿਗਾੜ ਨੂੰ ਵੇਖਦਿਆਂ ਦਿੱਤੀਆਂ ਗਈਆਂ ਹਨ ਜੋ 31 ਮਈ ਨੂੰ 22 ਦਿਨ ਅਤੇ 10 ਜੂਨ ਨੂੰ 15 ਦਿਨ ਹੈ, ਜੋ ਕਿ ਦਿਨੋਂ ਦਿਨ ਇਸ ਦਰ ਦੇ ਥੱਲੇ ਜਾਣ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਦਰ ਕੌਮੀ ਦਰ ਨਾਲੋਂ ਲੰਮੀ ਅੱਵਧੀ ਦੀ ਹੈ,ਪਰ ਦੁੱਗਣੇ ਹੋਣ ਦੇ ਸਮੇਂ ਵਿੱਚ ਗਿਰਾਵਟ ਪ੍ਰੇਸ਼ਾਨੀ ਪੈਦਾ ਕਰਨਵਾਲਾ ਮਸਲਾ ਹੈ।
ਕੋਈ ਢਿੱਲ ਨਹੀਂ ਵਰਤੀ ਜਾਵੇਗੀ
ਪੰਜਾਬ ‘ਚ ਵੱਡੀ ਗਿਣਤੀ ਲੋਕਾਂ ਦੇ ਸੂਬੇ ਤੋਂ ਬਾਹਰੋਂ ਆਉਣ, ਭਾਵੇਂ ਇਨ੍ਹਾਂ ਵਿੱਚੋਂ ਪਾਜੇਟਿਵ ਕੇਸ ਜ਼ਿਆਦਾ ਸਾਹਮਣੇ ਨਹੀਂ ਆਏ, ਸਬੰਧੀ ਆਪਣੇ ਸਰੋਕਾਰ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕੋਵਿਡ ਖਿਲਾਫ ਸੂਬੇ ਦੀ ਲੜਾਈ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਪੇਸ਼ ਕੀਤੇ ਅਨੁਮਾਨਾਂ ਅਨੁਸਾਰ ਸੂਬੇ ਅੰਦਰ ਇਸ ਮਹਾਂਮਾਰੀ ਦੀ ਸਿੱਖਰ ਹਾਲੇ ਆਉਣਾ ਹੈ ਅਤੇ ਜੇਕਰ ਕੇਸਾਂ ਦੇ ਦੁੱਗਣੇ ਹੋਣ ਦੀ ਸਮਾਂ ਸੀਮਾਂ ਘਟਣ ਦਾ ਇਹ ਰੁਝਾਨ ਰਿਹਾ ਤਾਂ ਇਹ ਅਗਸਤ ਦੇ ਅੰਤ ਵਿੱਚ ਵਾਪਰੇਗਾ, ਨੂੰ ਖਾਸਕਰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਦੇ ਯਤਨ ਹੋਰ ਵੱਡੇ ਪੈਮਾਨੇ ‘ਤੇ ਵਧਾਉਣ ਦੀ ਜ਼ਰੂਰਤ ਹੈ। ‘ਮਿਸ਼ਨ ਫਤਹਿ’ ਤਹਿਤ ਟੈਸਟਿੰਗ ਵਧਾਉਣ ਅਤੇ ਜਲਦ ਤੋਂ ਜਲਦ ਮਰੀਜ਼ਾਂ ਦੀ ਪਛਾਣ ਕਰਨਾ ਇਸ ਸੰਕਟ ਦੇ ਹੱਲ ਦੀ ਚਾਬੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਦੱਸਿਆ ਕਿ ਅਗਲੇ ਇਕ ਮਹੀਨੇ ਦੌਰਾਨ ਟੈਸਟਿੰਗ ਦੁੱਗਣੀ ਕਰਨ ਅਤੇ ਸੰਘਣੀ ਵਸੋਂ ਵਾਲੇ ਖੇਤਰਾਂ ‘ਤੇ ਗਹਿਰੀ ਨਿਗਰਾਨੀ ਰੱਖਣ। ਮੁੱਖ ਮੰਤਰੀ ਨੂੰ ਇਹ ਸਭ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚਾਰ ਹੋਰ ਟੈਸਟਿੰਗ ਲੈਬਾਂ ਜਲਦ ਚਾਲੂ ਹੋ ਜਾਣਗੀਆਂ।
——