ਨਿਊਜ਼ ਪੰਜਾਬ
5 ਫ਼ਰਵਰੀ 2026
ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਸੰਗਤਾਂ ਦੀ ਸੁਵਿਧਾ ਅਤੇ ਸੇਵਾਦਾਰਾਂ ਦੀ ਸਪਸ਼ਟ ਪਛਾਣ ਲਈ ਵਰਦੀ ਵਿੱਚ ਬਦਲਾਅ ਕੀਤਾ ਗਿਆ ਹੈ। ਨਵੀਂ ਯੋਜਨਾ ਅਨੁਸਾਰ ਹੁਣ ਸ੍ਰੀ ਦਰਬਾਰ ਸਾਹਿਬ ਵਿੱਚ ਤੈਨਾਤ ਸੇਵਾਦਾਰ ਪੀਲੇ ਅਤੇ ਗੂੜ੍ਹੇ ਨੀਲੇ ਰੰਗ ਦੀ ਵਰਦੀ ਹਫ਼ਤੇ ਵਿੱਚ ਵਾਰੀ-ਵਾਰੀ ਦੋ-ਦੋ ਦਿਨ ਪਹਿਨਣਗੇ, ਜਦਕਿ ਦਸਤਾਰਾਂ ਦੇ ਰੰਗ ਵਰਦੀ ਦੇ ਉਲਟ ਹੋਣਗੇ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਅਤੇ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਦਰਜ ਕੀਤਾ ਗਿਆ ਹੈ, ਨਾਲ ਹੀ ਚਿੱਟੇ ਰੰਗ ਦਾ ਹਜ਼ੂਰੀਆ, ਵਿਸ਼ੇਸ਼ ਬੈਲਟਾਂ ਅਤੇ ਦਸਤਾਰਾਂ ਲਈ ਖੰਡੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।
SGPC ਵੱਲੋਂ ਜ਼ਿਆਦਾਤਰ ਸੇਵਾਦਾਰਾਂ ਨੂੰ ਨਵੀਆਂ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਬਾਕੀਆਂ ਨੂੰ ਜਲਦੀ ਦਿੱਤੀਆਂ ਜਾਣਗੀਆਂ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਮੁਤਾਬਕ, ਇਹ ਤਬਦੀਲੀ ਪੂਰੀ ਸੋਚ-ਵਿਚਾਰ ਨਾਲ ਕੀਤੀ ਗਈ ਹੈ ਤਾਂ ਜੋ ਸੇਵਾਦਾਰਾਂ ਦੀ ਪਛਾਣ ਆਸਾਨ ਹੋਵੇ, ਉਨ੍ਹਾਂ ਦੀ ਸ਼ਾਨ ਅਤੇ ਸਤਿਕਾਰ ਵਧੇ ਅਤੇ ਸ਼ਰਧਾਲੂਆਂ ਨੂੰ ਹੋਰ ਬਿਹਤਰ ਸਹੂਲਤਾਂ ਮਿਲ ਸਕਣ।
