ਪੰਜਾਬ ਮੁੜ ਤੋਂ ਬਣ ਚੱਲਿਆ ਹੈ ਰੰਗਲਾ ਪੰਜਾਬ- ਵਿਧਾਇਕ ਕੁਲਵੰਤ ਸਿੰਘ ਸਿੱਧੂ …ਕਿਹਾ ! ਸਾਡੇ ਬਜ਼ੁਰਗ ਸਾਡਾ ਮਾਣ

ਨਿਊਜ਼ ਪੰਜਾਬ

ਲੁਧਿਆਣਾ 5 ਫਰਵਰੀ 2026

ਗੁਰੂਆਂ ਪੀਰਾਂ ਦੀ ਧਰਤੀ ਹੋਣ ਕਰਕੇ ਪੰਜਾਬ ਮੁੱਢ ਤੋਂ ਹੀ ਧਾਰਮਿਕ ਆਸਥਾ ਵਾਲਾ ਸੂਬਾ ਰਿਹਾ ਹੈ, ਅਸੀਂ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਜੇ ਕਿਸੇ ਨੂੰ ਧਾਰਮਿਕ ਅਸਥਾਨ ਦੀ ਯਾਤਰਾ ਕਰਾ ਦਿੱਤੀ ਜਾਵੇ ਤਾਂ ਸਵਾ ਮਣ ਸੋਨੇ ਦੇ ਦਾਨ ਬਰਾਬਰ ਪੁੰਨ ਲੱਗਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੀਤਾ। ਉਹਨਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਰਹਿਨੁਮਾਈ ਵਾਲੀ ਪੰਜਾਬ ਸਰਕਾਰ ਸਾਡੇ ਸਤਿਕਾਰਤ ਬਜ਼ੁਰਗਾਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਾ ਕੇ ਇਹ ਪੁੰਨ ਖੱਟ ਰਹੀ ਹੈ, ਇਸ ਲਈ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਵਿਧਾਇਕ ਸਿੱਧੂ ਨੇ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਉਮਰ ਦੇ ਇਸ ਪੜਾਓ ਵਿੱਚ ਉਹਨਾਂ ਦੀ ਖੁਸ਼ੀ ਅਤੇ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਸਾਡੇ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਵਿਖੇ ਉਹਨਾਂ ਨੂੰ ਦਰਸ਼ਨ ਕਰਵਾਈਏ। ਇਸ ਵਧੀਆ ਅਤੇ ਨਵੇਕਲੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਖਾਤਰ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਨੇਕ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਕਰਨ ਤੋਂ ਹੁਣ ਕੋਈ ਨਹੀਂ ਰੋਕ ਸਕਦਾ, ਕਿਉਂਕਿ ਸਾਨੂੰ ਸਾਡੇ ਆਪਣੇ ਵਿੱਚੋਂ ਹੀ ਆਮ ਘਰ ਦਾ ਇੱਕ ਪੁੱਤ ਮੁੱਖ ਮੰਤਰੀ ਦੇ ਰੂਪ ਵਿੱਚ ਮਿਲਿਆ ਹੈ, ਜਿਸ ਨੂੰ ਕਿ ਆਮ ਵਰਗ ਦੇ ਦੁੱਖਾਂ ਸੁੱਖਾਂ ਅਤੇ ਮਨੋ ਦਿਸ਼ਾਵਾਂ ਬਾਰੇ ਪੂਰਨ ਗਿਆਨ ਹੈ।।ਅੱਜ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼੍ਰੀ ਹਰਿਮੰਦਰ ਸਾਹਿਬ ਜੀ, ਸ਼੍ਰੀ ਦੁਰਗਿਆਣਾ ਮੰਦਿਰ, ਵਾਘਾ ਬਾਰਡਰ ਅਤੇ ਜਲਿਆਂਵਾਲਾ ਬਾਗ ਲਈ ਫ੍ਰੀ ਬੱਸ ਸੇਵਾ ਨੂੰ ਹਰੀ ਝੰਡੀ ਦਿੱਤੀ ਗਈ। ਉਹਨਾਂ ਵੱਲੋਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਜੋ ਵੀ ਸ਼ਰਧਾਲੂ ਮਨ ਵਿੱਚ ਮਨੋਕਾਮਨਾਵਾਂ ਲੈ ਕੇ ਜਾ ਰਹੇ ਹਨ, ਉਹਨਾਂ ਦੀਆਂ ਮਨੋਕਾਵਨਾਵਾ ਪੂਰੀਆਂ ਹੋਣ। ਵਿਧਾਇਕ ਸਿੱਧੂ ਵੱਲੋਂ ਸੁਬਹਾ ਮਾਤਾ ਭਾਗਵੰਤੀ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਹਰੀ ਝੰਡੀ ਦੇ ਕੇ ਬਸ ਨੂੰ ਰਵਾਨਾ ਕੀਤਾ ਗਿਆ,ਇਸ ਮੌਕੇ ਉਹਨਾਂ ਨਾਲ ਜ਼ੋਨਲ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਵੀ ਮੌਜੂਦ ਸਨ। ਵਿਧਾਇਕ ਸਿੱਧੂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਨਾਂ ਲਈ ਬਹੁਤ ਹੀ ਵਧੀਆ ਤੇ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਲਈ ਦੁਪਹਿਰ ਦੇ ਖਾਣੇ ਦਾ ਬੰਦੋਬਸਤ ਇੱਕ ਵਧੀਆ ਹੋਟਲ ਵਿੱਚ ਕੀਤਾ ਗਿਆ ਹੈ। ਵਿਧਾਇਕ ਸਿੱਧੂ ਨੇ ਆਖਿਆ ਕਿ ਬਜ਼ੁਰਗਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੱਸ ਵਿੱਚ ਹਰ ਤਰ੍ਹਾਂ ਦੀ ਮੁਢਲੀ ਸਿਹਤ ਸੇਵਾ ਦਾ ਪ੍ਰਬੰਧ ਹੈ। ਇਸ ਵਕਤ ਉਹਨਾਂ ਨਾਲ ਭੁਪਿੰਦਰ ਸਿੰਘ ਸੋਹਲ,ਜਤਿੰਦਰ ਸਿੰਘ ਸੇਵਕ, ਬਿਪਨ ਸੇਠੀ,ਸੋਹਣ ਸਿੰਘ ਗੋਗਾ, ਦਵਿੰਦਰ ਸਿੰਘ ਪਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।