ਸੰਘਣੀ ਧੁੰਦ ਕਾਰਨ ਪੰਜਾਬ–ਚੰਡੀਗੜ੍ਹ ਵਿੱਚ ਯੈਲੋ ਅਲਰਟ, ਉਡਾਣਾਂ ਪ੍ਰਭਾਵਿਤ

ਨਿਊਜ਼ ਪੰਜਾਬ

ਮੌਸਮ ਵਿਭਾਗ,4 ਫ਼ਰਵਰੀ 2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਬੁੱਧਵਾਰ (4 ਫਰਵਰੀ) ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ (IMD) ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਮੌਸਮ ਖੁਸ਼ਕ ਰਹੇਗਾ, ਪਰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ ਅਤੇ ਬਠਿੰਡਾ ਸਮੇਤ 15 ਜ਼ਿਲ੍ਹਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ।

ਧੁੰਦ ਕਾਰਨ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਅਤੇ ਚੰਡੀਗੜ੍ਹ ਜਾਣ ਵਾਲੀਆਂ ਦੋ ਉਡਾਣਾਂ ਰੱਦ ਹੋਈਆਂ, ਜਦਕਿ ਬੰਗਲੁਰੂ, ਮੁੰਬਈ, ਦਿੱਲੀ, ਗੋਆ ਅਤੇ ਅਬੂ ਧਾਬੀ ਲਈ ਕਈ ਉਡਾਣਾਂ 2–3 ਘੰਟੇ ਦੇਰੀ ਨਾਲ ਚਲੀਆਂ। ਮੌਸਮ ਵਿਭਾਗ ਅਨੁਸਾਰ ਉੱਤਰੀ ਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 16–18 ਡਿਗਰੀ ਸੈਲਸੀਅਸ ਅਤੇ ਬਾਕੀ ਇਲਾਕਿਆਂ ਵਿੱਚ 18–20 ਡਿਗਰੀ ਦੇ ਕਰੀਬ ਰਹੇਗਾ, ਜਦਕਿ ਘੱਟੋ-ਘੱਟ ਤਾਪਮਾਨ 4–6 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਦ੍ਰਿਸ਼ਟੀ ਜ਼ੀਰੋ ਰਹੀ ਅਤੇ ਬਠਿੰਡਾ ਵਿੱਚ 3.6 ਡਿਗਰੀ ਨਾਲ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਦਾ ਸਿਖਰ ਲੰਘ ਚੁੱਕਾ ਹੈ ਅਤੇ ਅਗਲੇ ਦਿਨਾਂ ਵਿੱਚ ਹੌਲੀ-ਹੌਲੀ ਗਰਮੀ ਵਧੇਗੀ।