ਨਿਊਜ਼ ਪੰਜਾਬ
30 ਜਨਵਰੀ 2026
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸ਼ਹਿਰ ਦੇ ਪ੍ਰਮੁੱਖ ਸਿਆਸੀ ਚਿਹਰੇ ਮਨੋਜ ਮਲਹੋਤਰਾ ਉਰਫ਼ ਮਨੂ ਬੜਿੰਗ ਦੇ ਅਚਾਨਕ ਅਕਾਲ ਚਲਾਣੇ ਨਾਲ ਜਲੰਧਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਉਨ੍ਹਾਂ ਨੂੰ ਜ਼ੋਰਦਾਰ ਸਾਇਲੈਂਟ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਮਨੂ ਬੜਿੰਗ ਸਿਹਤ ਅਤੇ ਫਿੱਟਨੈੱਸ ਪ੍ਰਤੀ ਬੇਹੱਦ ਜਾਗਰੂਕ ਰਹਿੰਦੇ ਸਨ ਅਤੇ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਹੀ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਜੀਉਣ ਦੀ ਪ੍ਰੇਰਣਾ ਦੇ ਰਹੇ ਸਨ। ਜਲੰਧਰ ਦੇ ਬੜਿੰਗ ਇਲਾਕੇ ਨਾਲ ਸਬੰਧਤ ਮਨੂ ਬੜਿੰਗ ਕਈ ਸਾਲਾਂ ਤੋਂ ਸਰਗਰਮ ਸਿਆਸਤ ਵਿੱਚ ਰਹੇ ਅਤੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਸਾਥੀ ਮੰਨੇ ਜਾਂਦੇ ਸਨ। ਉਨ੍ਹਾਂ ਦੀ ਮੌਤ ਨੂੰ ਕਾਂਗਰਸ ਪਾਰਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ ਅਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
