ਸ੍ਰੀ ਹਰਿਮੰਦਰ ਸਾਹਿਬ ’ਚ ਵਜ਼ੂ ਮਾਮਲਾ: ਨੌਜਵਾਨ ਨੂੰ ਅਦਾਲਤ ਵੱਲੋਂ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਨਿਊਜ਼ ਪੰਜਾਬ

28 ਜਨਵਰੀ 2026

ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ‘ਵਜ਼ੂ’ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਸੁਭਾਨ ਰੰਗਰੀਜ਼ ਨੂੰ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੁਪਤ ਢੰਗ ਨਾਲ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਦਾ ਰਿਮਾਂਡ ਮਨਜ਼ੂਰ ਕਰ ਲਿਆ। SGPC ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਬੇਅਦਬੀ ਦੇ ਕੇਸ ਵਿੱਚ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਦਿੱਲੀ ਵਾਸੀ ਨੌਜਵਾਨ ਨੇ 13 ਜਨਵਰੀ ਨੂੰ ਦਰਬਾਰ ਸਾਹਿਬ ਵਿੱਚ ਵਜ਼ੂ ਕਰਦੇ ਹੋਏ ਰੀਲ ਬਣਾਈ ਸੀ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਬਾਅਦ ਵਿੱਚ ਗਾਜ਼ੀਆਬਾਦ ਪੁਲਿਸ ਨੇ 24 ਜਨਵਰੀ ਨੂੰ ਉਸ ਨੂੰ ਹਿਰਾਸਤ ਵਿੱਚ ਲਿਆ ਸੀ।

ਦੱਸ ਦੇਈਏ ਕਿ ਇਸ ਮਾਮਲੇ ‘ਚ ਵੀਡੀਓ ਬਣਾਉਣ ਵਾਲਾ ਨੌਜਵਾਨ ਸੁਭਾਨ ਰੰਗਰੀਜ਼ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਉਸ ਨੇ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ਚ ਉਹ ਜੇਬਾਂ ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ। ਇਸ ਕਾਰਨ ਨੌਜਵਾਨ ਨੇ ਦੁਬਾਰਾ ਇੱਕ ਹੋਰ ਵੀਡੀਓ ਪੋਸਟ ਕਰਕੇ ਦੁਬਾਰਾ ਵੀ ਮਾਫੀ ਮੰਗੀ ਸੀ।