ਕੈਨੇਡਾ ‘ਚ ਬਿਮਾਰੀ ਨਾਲ 22 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਇਕਲੌਤੇ ਪੁੱਤ ਦੀ ਲਾਸ਼ ਵਾਪਸੀ ਤੇ ਕਰਜ਼ਾ ਮੁਆਫ਼ੀ ਲਈ ਪਰਿਵਾਰ ਦੀ ਗੁਹਾਰ

ਨਿਊਜ਼ ਪੰਜਾਬ

20 ਜਨਵਰੀ 2026

ਵਿਦੇਸ਼ ਅੰਦਰ ਆਪਣੇ ਸੁਪਨੇ ਸਾਕਾਰ ਕਰਨ ਗਏ ਪੰਜਾਬ ਦੇ ਨੌਜਵਾਨਾਂ ਨਾਲ ਜੁੜੀਆਂ ਮੰਦਭਾਗੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਦੁਖਦਾਈ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗੁਰਮ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਸਾਲਾ ਰਾਜਪ੍ਰੀਤ ਸਿੰਘ ਉਰਫ ਰੋਮੀ ਦੀ ਕੈਨੇਡਾ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਜਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਜੋਂ ਹੋਈ ਹੈ, ਜੋ ਪੋਣੇ ਦੋ ਸਾਲ ਪਹਿਲਾਂ ਆਈਲੈਟਸ ਕਰਕੇ ਚੰਗੀ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ, ਜੋ ਬੱਸ ਡਰਾਈਵਰ ਹਨ, ਨੇ ਆਪਣੇ ਪੁੱਤ ਦੇ ਭਵਿੱਖ ਲਈ ਤਿੰਨ ਏਕੜ ਜ਼ਮੀਨ ‘ਤੇ ਕਰੀਬ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਰਾਜਪ੍ਰੀਤ ਦੇ ਬਿਮਾਰ ਹੋਣ ‘ਤੇ ਉਸਨੂੰ ਕੈਨੇਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਰਾਜਪ੍ਰੀਤ 15 ਦਿਨਾਂ ਬਾਅਦ ਆਪਣੇ ਚਾਚੇ ਦੀ ਲੜਕੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਉਣ ਵਾਲਾ ਸੀ। ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਸਮਾਜ ਸੇਵੀਆਂ ਅਤੇ ਵਿਦੇਸ਼ ਵਸਦੇ ਐਨਆਰਆਈ ਭਰਾਵਾਂ ਕੋਲੋਂ ਮਦਦ ਦੀ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਕੈਨੇਡਾ ਤੋਂ ਵਾਪਸ ਪੰਜਾਬ ਲਿਆਂਦੀ ਜਾਵੇ ਤਾਂ ਜੋ ਧਾਰਮਿਕ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਸਕੇ, ਨਾਲ ਹੀ ਭਾਰੀ ਕਰਜ਼ੇ ਨੂੰ ਵੀ ਮੁਆਫ਼ ਕੀਤਾ ਜਾਵੇ।