ਆਤਿਸ਼ੀ ਮਾਰਲੇਨਾ ਦੀ ਕਥਿਤ ਵੀਡੀਓ ਮਾਮਲਾ:ਜਲੰਧਰ ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਤੋਂ ਆਤਿਸ਼ੀ ਦੀ ਵੀਡੀਓ ਹਟਾਉਣ ਦੇ  ਦਿੱਤੇ ਆਦੇਸ਼

ਨਿਊਜ਼ ਪੰਜਾਬ

15 ਜਨਵਰੀ 2026

ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਰਲੇਨਾ ਨਾਲ ਸਬੰਧਿਤ ਕਥਿਤ ਵਾਇਰਲ ਵੀਡੀਓ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਨੇ ਵੀਰਵਾਰ ਨੂੰ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਸ ਵੀਡੀਓ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਅਦਾਲਤ ਨੇ ਕਿਹਾ ਕਿ ਵਾਇਰਲ ਕੀਤੀ ਗਈ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ। ਫੋਰੈਂਸਿਕ ਜਾਂਚ ਰਿਪੋਰਟ ਵਿੱਚ ਸਪੱਸ਼ਟ ਹੋਇਆ ਹੈ ਕਿ ਵੀਡੀਓ ਨੂੰ ਐਡਿਟ ਕਰਕੇ ਗਲਤ ਢੰਗ ਨਾਲ ਫੈਲਾਇਆ ਗਿਆ।

ਜਾਣਕਾਰੀ ਅਨੁਸਾਰ, ਆਤਿਸ਼ੀ ਦੀ ਕਥਿਤ ਵੀਡੀਓ ਨੂੰ ਸਰਕੂਲੇਟ ਕਰਨ ਦੇ ਆਰੋਪਾਂ ਹੇਠ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਵਿਧਾਨ ਸਭਾ ਸਪੀਕਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਤਿੰਨ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਅਤੇ ਫੋਰੈਂਸਿਕ ਲੈਬ ਰਿਪੋਰਟ ਮੰਗੀ ਗਈ ਸੀ।

ਜਲੰਧਰ ਅਦਾਲਤ ਵਿੱਚ ਸੁਣਵਾਈ ਦੌਰਾਨ ਮਾਣਯੋਗ ਜੱਜ ਹਰਪ੍ਰੀਤ ਕੌਰ ਨੇ ਹੁਕਮ ਦਿੱਤਾ ਕਿ ਜਿਸ ਵੀ ਖਾਤੇ ਤੋਂ ਇਹ ਵੀਡੀਓ ਅਪਲੋਡ ਜਾਂ ਸ਼ੇਅਰ ਕੀਤੀ ਗਈ ਸੀ, ਉਸ ਨਾਲ ਜੁੜੇ ਸਾਰੇ ਲਿੰਕ ਸੋਸ਼ਲ ਮੀਡੀਆ ਤੋਂ ਹਟਾਏ ਜਾਣ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਫੋਰੈਂਸਿਕ ਜਾਂਚ ਵਿੱਚ ਵੀਡੀਓ ਨੂੰ ਛੇੜਛਾੜ ਵਾਲਾ ਪਾਇਆ ਗਿਆ ਹੈ।ਇਸ ਫੈਸਲੇ ਨੂੰ ਰਾਜਨੀਤਿਕ ਤੌਰ ’ਤੇ ਭਾਰਤੀ ਜਨਤਾ ਪਾਰਟੀ (BJP) ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।