ਲੋਕ ਸੰਪਰਕ ਦਫ਼ਤਰ ਦੇ ਸਿਨੇਮਾ ਓਪਰੇਟਰ ਗੁਰਦੀਪ ਸਿੰਘ 25 ਸਾਲ ਦੀ ਨੌਕਰੀ ਬਾਅਦ ਸੇਵਾ ਮੁਕਤ
ਡੀ ਪੀ ਆਰ ਓ ਤੇ ਸਟਾਫ਼ ਵੱਲੋਂ ਦਿੱਤੀ ਗਈ ਰਸਮੀ ਵਿਦਾਇਗੀ
ਨਿਊਜ਼ ਪੰਜਾਬ
ਨਵਾਂਸ਼ਹਿਰ, 8 ਜੂਨ- ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸਿਨੇਮਾ ਓਪਰੇਟਰ ਸੇਵਾਵਾਂ ਦੇ ਰਹੇ ਗੁਰਦੀਪ ਸਿੰਘ ਤੱਖਰ ਨੂੰ ਉਨ੍ਹਾਂ ਵੱਲੋਂ 31 ਮਈ ਨੂੰ ਲਈ ਗਈ ਸਵੈ-ਇੱਛੁਕ ਸੇਵਾਮੁਕਤੀ ਬਾਅਦ ਅੱਜ ਦਫ਼ਤਰ ਵੱਲੋਂ ਰਸਮੀ ਵਿਦਾਇਗੀ ਦਿੱਤੀ ਗਈ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਸ਼ਿਮ ਵਰਮਾ ਨੇ ਇਸ ਮੌਕੇ ਗੁਰਦੀਪ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਸਾਢੇ 25 ਸਾਲ ਬੇਦਾਗ਼ ਸੇਵਾਵਾਂ ਦੇਣਾ ਬਹੁਤ ਹੀ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਅੱਜ ਸੋਸ਼ਲ ਮੀਡੀਆ ਅਤੇ ਇੰਟਰਨੈਟ ਦੇ ਜ਼ਮਾਨੇ ’ਚ ਖ਼ਬਰਾਂ ਦੀ ਪ੍ਰੀਭਾਸ਼ਾ ਅਤੇ ਕੰਮ ਕਰਨ ਦੇ ਢੰਗ ’ਚ ਵੱਡੀ ਤਬਦੀਲੀ ਆ ਗਈ ਹੈ, ਉਸ ਸਮੇਂ ’ਚ ਵੀ ਗੁਰਦੀਪ ਸਿੰਘ ਨੇ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਤਸਵੀਰਾਂ ਖਿੱਚਣ ਅਤੇ ਵੀਡਿਓ ਬਣਾਉਣ ਦੀ ਡਿਊਟੀ ਬਾਖੂਬੀ ਨਿਭਾਈ।
ਸਹਾਇਕ ਲੋਕ ਸੰਪਰਕ ਅਫ਼ਸਰ ਰਵੀਇੰਦਰ ਸਿੰਘ ਨੇ ਗੁਰਦੀਪ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਸੰਪਰਕ ਮਹਿਕਮਾ ਸਰਕਾਰ ਅਤੇ ਪ੍ਰਸ਼ਾਸਨ ਦੇ ਬੁਲਾਰੇ ਵਜੋਂ ਜਾਣਿਆ ਜਾਂਦਾ ਹੋਣ ਕਾਰਨ, ਵਿਭਾਗ ’ਚ ਕੰਮ ਕਰਨਾ ਇੱਕ ਵੱਡੀ ਚਣੌਤੀ ਹੁੰਦੀ ਹੈ, ਜਿਸ ਨੂੰ ਗੁਰਦੀਪ ਸਿੰਘ ਨੇ ਬਾਖੂਬੀ ਨਿਭਾਇਆ। ਉਨ੍ਹਾਂ ਗੁਰਦੀਪ ਸਿੰਘ ਨੂੰ ਸੇਵਾਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਗੁਰਦੀਪ ਸਿੰਘ ਨੇ ਜ਼ਜ਼ਬਾਤੀ ਸੁਰ ’ਚ ਵਿਭਾਗ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੋਂ ਸਾਢੇ 25 ਸਾਲ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਆਪਣੀ ਵਿਭਾਗੀ ਸੇਵਾ ਸ਼ੁਰੂ ਕਰਨ ਬਾਅਦ ਕਪੂਰਥਲਾ, ਫ਼ਗਵਾੜਾ, ਲੁਧਿਆਣਾ ਤੋਂ ਹੁੰਦੇ ਹੋਏ, ਇਹ ਸਰਕਾਰੀ ਸਫ਼ਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਜ਼ਿਲ੍ਹੇ ’ਚ ਆ ਕੇ ਮੁਕੰਮਲ ਹੋਇਆ, ਜੋ ਕਿ ਉਨ੍ਹਾਂ ਲਈ ਬਹੁਤ ਹੀ ਖੁਸ਼ਨਸੀਬੀ ਵਾਲੀ ਗੱਲ ਹੈ। ਉਨ੍ਹਾਂ ਆਪਣੇ ਦਫ਼ਤਰ ਦੇ ਸਮੂਹ ਸਾਥੀ ਮੁਲਾਜ਼ਮਾਂ ਦਾ ਧੰਨਵਾਦ ਪ੍ਰਗਟਾਇਆ | ਇਸ ਮੌਕੇ ਦਫ਼ਤਰੀ ਸਟਾਫ਼ ’ਚ ਅਨਿਲ ਕੁਮਾਰ, ਗੋਲਡੀ, ਹਰਦਿਆਲ ਸਿੰਘ, ਰਾਮਧੰਨ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ | ==================================
ਫ਼ੋਟੋ ਕੈਪਸ਼ਨ: ਸਿਨੇਮਾ ਓਪਰੇਟਰ ਗੁਰਦੀਪ ਸਿੰਘ ਨੂੰ ਰਸਮੀ ਵਿਦਾਇਗੀ ਦੇਣ ਬਾਅਦ ਡੀ ਪੀ ਆਰ ਓ ਰਸ਼ਿਮ ਵਰਮਾ ਤੇ ਸਮੂਹ ਸਟਾਫ਼ ਇੱਕ ਯਾਦਗਾਰੀ ਤਸਵੀਰ ’ਚ ਨਜ਼ਰ ਆ ਰਿਹਾ ਹੈ।