ਰਾਹ ਵਿੱਚ ਨਹੀਂ ਰੁਕਣੀ ਬੱਸ – ਅੱਡੇ ’ਤੇ ਹੀ ਉੱਤਰ ਸਕੇਗੀ ਸਵਾਰੀ
ਜ਼ਿਲ੍ਹੇ ’ਚ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਿੱਜੀ ਅਤੇ ਜਨਤਕ ਸੇਵਾ ਵਾਹਨਾਂ ਨੂੰ ਸਖ਼ਤ ਸ਼ਰਤਾਂ ਨਾਲ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਆਗਿਆ
ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਉਨ੍ਹਾਂ ਦੇ ਨਿਰਧਾਰਤ ਰੂਟ ’ਤੇ ਚੱਲਣ ਦੀ ਆਗਿਆ
ਸਟੇਟ ਕੈਰੇਜ ਪਰਮਿਟ ਬੱਸਾਂ ਸ਼ਰਤਾਂ ਤਹਿਤ ਪੇਂਡੂ ਖੇਤਰਾਂ ਵਿੱਚ ਵੀ ਚੱਲ ਸਕਦੀਆਂ ਹਨ
ਇੱਕ ਵਾਰ ਬੱਸ ’ਚ ਬੈਠਣ ਬਾਅਦ ਸਵਾਰੀ ਜ਼ਿਲ੍ਹਾ ਹੈਡਕੁਆਰਟਰ, ਸਬ ਡਵੀਜ਼ਨ ਹੈਡ ਕੁਆਰਟਰ, ਬਲਾਕ ਹੈਡ ਕੁਆਰਟਰ ਜਾਂ ਮਿਊਂਸਪਲ ਬੱਸ ਸਟੈਂਡ ’ਤੇ ਹੀ ਉੱਤਰ ਸਕੇਗੀ
ਨਿਊਜ਼ ਪੰਜਾਬ
ਨਵਾਂਸ਼ਹਿਰ, 8 ਜੂਨ- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ 31 ਮਈ ਦੇ ਹੁਕਮਾਂ ’ਚ ਸੋਧ ਕਰਦੇ ਹੋਏ ਸੂਬੇ ਦੇ ਨਾਗਰਿਕਾਂ ਨੂੰ ਆਪਣੇ ਕੰਮਕਾਜ ਲਈ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਲੋੜੀਂਦੀ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਤਹਿਤ ਸਾਰੇ ਨਿੱਜੀ (ਨਾਨ-ਟਰਾਂਸਪੋਰਟ) ਅਤੇ ਜਨਤਕ ਸੇਵਾ ਵਾਹਨਾਂ ਨੂੰ, ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ, ਸਖ਼ਤ ਸ਼ਰਤਾਂ ਤਹਿਤ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਆਗਿਆ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਨ੍ਹਾਂ ਸਾਰੇ ਵਾਹਨਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੋਵਿਡ ਦੀ ਰੋਕਥਾਮ ਲਈ ਨਿਰਧਾਰਿਤ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।
ਅੱਜ ਇੱਥੇ ਰਾਜ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਪਹਿਲਾਂ 31 ਮਈ 2020 ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ ਈ-ਰਿਕਸ਼ਾ ਤੇ ਆਟੋ ਰਿਕਸ਼ਾ, ਮੈਕਸੀ ਕੈਬ / ਮੋਟਰ ਕੈਬ ਅਤੇ ਪ੍ਰਾਈਵੇਟ ਵਾਹਨਾਂ (ਨਾਨ-ਟਰਾਂਸਪੋਰਟ) ਸਮੇਤ ਸਾਰੇ ਜਨਤਕ ਸੇਵਾ ਵਾਹਨਾਂ ਨੂੰ 30 ਜੂਨ, 2020 ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਚੱਲਣ ਦੀ ਮਨਾਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੇ ਨਾਗਰਿਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੁਝ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਆ ਜਾ ਸਕਣ।
ਉਨ੍ਹਾਂ ਕਿਹਾ ਕਿ ਜਨਤਕ ਸੇਵਾ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਇਸ ਸ਼ਰਤ ਨਾਲ ਦਿੱਤੀ ਗਈ ਹੈ ਕਿ ਯਾਤਰਾ ਦੌਰਾਨ ਬੱਸਾਂ ਵਿੱਚ ਬੈਠਣ ਦੀ ਸਮਰੱਥਾ ਦੇ 50 ਫ਼ੀਸਦੀ ਤੋਂ ਵੱਧ ਬੱਸਾਂ ਨੂੰ ਨਾ ਭਰਿਆ ਜਾਵੇ ਤਾਂ ਜੋ ਢੁੱਕਵੀਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇੇ। ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਉਨ੍ਹਾਂ ਦੇ ਨਿਰਧਾਰਤ ਰੂਟ ’ਤੇ ਚੱਲਣ ਦੀ ਆਗਿਆ ਦਿੱਤੀ ਜਾਏਗੀ, ਬਸ਼ਰਤੇ ਜਨਤਕ ਸੇਵਾ ਵਾਹਨ ਚਲਾਉਣ ਵਾਲਾ ਵਿਅਕਤੀ ਇਹ ਸੁਨਿਸ਼ਚਿਤ ਕਰੇਗਾ ਕਿ ਯਾਤਰੀ ਅਜਿਹੇ ਵਾਹਨ ’ਤੇ ਸਿਰਫ਼ ਯਾਤਰਾ ਦੇ ਸ਼ੁਰੂ ਹੋਣ ਵਾਲੀ ਥਾਂ ਤੋਂ ਚੜ੍ਹਨ ਅਤੇ ਯਾਤਰੀ ਸਫ਼ਰ ਦੇ ਖ਼ਤਮ ਹੋਣ ਵਾਲੀ ਥਾਂ ਜਾਂ ਜ਼ਿਲ੍ਹਾ ਹੈਡਕੁਆਟਰ ਜਾਂ ਸਬ ਡਵੀਜ਼ਨਲ ਹੈਡਕੁਆਟਰ ਜਾਂ ਬਲਾਕ ਹੈਡਕੁਆਟਰਜ਼ ਜਾਂ ਬੱਸ ਸਟੈਂਡ ਜਾਂ ਮਿਉਂਸਪਲ ਟਾਊਨ ਬੱਸ ਸਟੈਂਡ ਤੋਂ ਬਿਨਾਂ ਹੋਰ ਕਿਸੇ ਥਾਂ ’ਤੇ ਨਾ ਉੱਤਰਨ। ਸਾਰੇ ਯਾਤਰੀ ਸਵਾਰ ਹੋਣ ਦੇ ਸਮੇਂ ਤੋਂ ਉੱਤਰਨ ਦੇ ਸਮੇਂ ਤੱਕ ਮਾਸਕ ਪਹਿਨ ਕੇ ਰੱਖਣ ਅਤੇ ਵਾਹਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਹਰੇਕ ਯਾਤਰੀ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਸਟੇਟ ਕੈਰੇਜ ਪਰਮਿਟ ਰੱਖਣ ਵਾਲੀਆਂ ਬੱਸਾਂ ਪੇਂਡੂ ਖੇਤਰਾਂ ਵਿੱਚ ਉਪਰੋਕਤ ਸ਼ਰਤਾਂ ਦੇ ਅਧੀਨ ਹੀ ਚੱਲ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਈ-ਰਿਕਸ਼ਾ, ਆਟੋ ਰਿਕਸ਼ਾ, ਮੈਕਸੀ-ਕੈਬਜ਼, ਮੋਟਰ-ਕੈਬਜ਼ ਨੂੰ ਸਿਰਫ 1 ਡਰਾਈਵਰ ਅਤੇ 2 ਯਾਤਰੀਆਂ ਦੀ ਆਗਿਆ ਹੈ। ਈ-ਰਿਕਸ਼ਾ, ਆਟੋ ਰਿਕਸ਼ਾ, ਮੈਕਸੀ-ਕੈਬਜ਼, ਮੋਟਰ-ਕੈਬਜ਼ ਦੀ ਹਰੇਕ ਯਾਤਰਾ ਤੋਂ ਬਾਅਦ ਢੁੱਕਵੇਂ ਤਰੀਕੇ ਨਾਲ ਸਫਾਈ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਰ-ਪੂਲਿੰਗ ਅਤੇ ਕਾਰ-ਸ਼ੇਅਰਿੰਗ ਦੀ ਆਗਿਆ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨਾਂ (ਨਾਨ-ਟਰਾਂਸਪੋਰਟ) ਨੂੰ ਚਲਾਉਣ ਦੀ ਇਜਾਜ਼ਤ ਇਸ ਸ਼ਰਤ ਨਾਲ ਦਿੱਤੀ ਗਈ ਹੈ ਕਿ, ਦੋ ਪਹੀਆ ਵਾਹਨ ਚਾਲਕਾਂ ਦੇ ਮਾਮਲੇ ਵਿਚ ਵੱਧ ਤੋਂ ਵੱਧ ਇਕ ਪਿੱਛੇ ਬੈਠਣ ਵਾਲੀ ਸਵਾਰੀ (ਪਿਲੀਅਨ ਰਾਈਡਰ) ਜੋ ਕਿ ਇਕ ਨਾਬਾਲਿਗ ਬੱਚਾ ਜਾਂ ਡਰਾਇਵਰ ਦਾ ਪਤੀ / ਪਤਨੀ ਹੈ ,ਦੀ ਆਗਿਆ ਹੋਵੇਗੀ। ਚਾਰ ਪਹੀਆ ਦੇ ਮਾਮਲੇ ਵਿਚ 1 ਡਰਾਈਵਰ ਅਤੇ ਵੱਧ ਤੋਂ ਵੱਧ 2 ਯਾਤਰੀਆਂ ਦੀ ਆਗਿਆ ਹੋਵੇਗੀ। ਵਾਹਨ ਦੀ ਵੱਧ ਤੋਂ ਵੱਧ ਸਮਰੱਥਾ ਮੁਤਾਬਕ ਯਾਤਰੀਆਂ ਦੇ ਬੈਠਣ ਦੀ ਆਗਿਆ ਕੇਵਲ ਤਾਂ ਹੀ ਹੈ ਜੇ ਸਾਰੇ ਯਾਤਰੀ ਇੱਕੋ ਪਰਿਵਾਰ (ਸਿਰਫ਼ ਮਾਤਾ-ਪਿਤਾ, ਪਤੀ/ਪਤਨੀ ਅਤੇ ਬੱਚੇ) ਨਾਲ ਸਬੰਧਤ ਹੋਣ।
ਇਸੇ ਤਰ੍ਹਾਂ ਪ੍ਰਾਈਵੇਟ (ਨਾਨ-ਟਰਾਂਸਪੋਰਟ) ਅਤੇ ਜਨਤਕ ਸੇਵਾ ਵਾਹਨਾਂ ਦੀਆਂ ਆਮ ਸ਼ਰਤਾਂ ਵਿਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਜਨਤਕ ਸੇਵਾ ਵਾਹਨਾਂ ’ਤੇ ਤਾਇਨਾਤ ਸਾਰੇ ਸਟਾਫ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਦੀ ਸਵੈ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇਕਰ ਲੱਛਣ ਸਾਹਮਣੇ ਆਉਣ ਤਾਂ ਉਕਤ ਵਿਅਕਤੀ ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਜਾਂ ਸਿਵਲ ਸਰਜਨ ਨੂੰ ਰਿਪੋਰਟ ਕਰੇਗਾ।
ਐਪੀਡੈਮਿਕ ਡਿਸੀਜ਼ ਐਕਟ 1897 ਅਤੇ ਆਫਤ ਪ੍ਰਬੰਧਨ ਐਕਟ 2005 ਤਹਿਤ ਸਮੇਂ-ਸਮੇਂ ’ਤੇ ਕੋਵਿਡ-19 ਦੇ ਸਬੰਧ ਵਿਚ ਜਾਰੀ ਸਾਰੇ ਦਿਸ਼ਾ ਨਿਰਦੇਸ਼, ਪ੍ਰੋਟੋਕੋਲ ਅਤੇ ਆਦੇਸ਼ ਲਾਗੂ ਹੋਣਗੇ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਕੌਮੀ ਆਫ਼ਤ ਪ੍ਰਬੰਧਨ ਐਕਟ 2005, ਆਈਪੀਸੀ ਅਤੇ ਮੋਟਰ ਵਹੀਕਲ ਐਕਟ 1988 ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਸਾਰੇ ਦਿਸ਼ਾ ਨਿਰਦੇਸ਼ ਅਤੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਲਾਗੂ ਹੋਣਗੇ।