ਨਿਊਜ਼ ਪੰਜਾਬ
3 ਜਨਵਰੀ 2025
ਸਿਰਸਾ ਦੀ ਜ਼ਿਲ੍ਹਾ ਜੇਲ੍ਹ ਸਿਰਸਾ ਵਿੱਚ ਤਾਇਨਾਤ ਵਾਰਡਰ ਸੁਖਦੇਵ ਸਿੰਘ ਦੀ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਛੱਡਿਆ, ਜਿਸ ਵਿੱਚ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਜੇਲ੍ਹ ਸੁਰੱਖਿਆ) ਅਤੇ ਲਾਈਨ ਅਫ਼ਸਰ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਆਧਾਰ ‘ਤੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਸੁਖਦੇਵ ਸਿੰਘ 31 ਦਸੰਬਰ ਦੀ ਰਾਤ ਨੂੰ ਜੇਲ੍ਹ ਵਿੱਚ ਡਿਊਟੀ ‘ਤੇ ਸੀ। ਇਸ ਦੌਰਾਨ ਉਹ ਲਗਾਤਾਰ ਰਾਤ ਦੀ ਡਿਊਟੀ ਤੋਂ ਕਾਫ਼ੀ ਦੁਖੀ ਦੱਸਿਆ ਜਾ ਰਿਹਾ ਹੈ।ਪੁਲਿਸ ਸਰੋਤਾਂ ਅਨੁਸਾਰ, ਉਸ ਰਾਤ ਸੁਖਦੇਵ ਸਿੰਘ ਵਲੋਂ ਸ਼ਰਾਬ ਦੇ ਨਸ਼ੇ ਵਿੱਚ ਸਾਥੀ ਕਰਮਚਾਰੀਆਂ ਅਤੇ ਕੁਝ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ, ਜਿਸ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
