ਨਵੇਂ ਸਾਲ ’ਤੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ: ਲਾਡੋ ਲਕਸ਼ਮੀ ਯੋਜਨਾ ਦਾ ਵਿਸਤਾਰ, ਯੋਗ ਮਹਿਲਾਵਾਂ ਨੂੰ ਮਿਲਣਗੇ 2100 ਰੁਪਏ

ਨਿਊਜ਼ ਪੰਜਾਬ

2 ਜਨਵਰੀ 2026

ਨਵੇਂ ਸਾਲ ਦੇ ਮੌਕੇ ਹਰਿਆਣਾ ਕੈਬਨਿਟ ਦੀ ਮੀਟਿੰਗ ਦੌਰਾਨ ਲਾਡੋ ਲਕਸ਼ਮੀ ਯੋਜਨਾ ਨੂੰ ਲੈ ਕੇ ਨਵਾਂ ਫੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਸ ਯੋਜਨਾ ਦਾ ਲਾਭ ਉਨ੍ਹਾਂ ਮਹਿਲਾਵਾਂ ਨੂੰ ਵੀ ਮਿਲੇਗਾ, ਜਿਨ੍ਹਾਂ ਦੇ ਬੱਚਿਆਂ ਨੇ 10ਵੀਂ ਅਤੇ 12ਵੀਂ ਕਲਾਸ ਵਿੱਚ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਅਜਿਹੀਆਂ ਮਹਿਲਾਵਾਂ ਨੂੰ ਮਹੀਨਾਵਾਰ 2100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

ਸੀਐੱਮ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਧੀਆਂ ਅਤੇ ਮਹਿਲਾਵਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਲਾਡੋ ਲਕਸ਼ਮੀ ਯੋਜਨਾ ਦਾ ਦਾਇਰਾ ਵਧਾਇਆ ਗਿਆ ਹੈ। ਇਸ ਦੇ ਤਹਿਤ ਕੁਝ ਨਵੀਆਂ ਸ਼੍ਰੇਣੀਆਂ ਨੂੰ ਵੀ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ ਯੋਜਨਾ ਤੋਂ ਬਾਹਰ ਰਹੀਆਂ ਕੁਪੋਸ਼ਿਤ ਬੱਚਿਆਂ ਦੀਆਂ ਮਾਵਾਂ ਨੂੰ ਹੁਣ ਇਸ ਸਕੀਮ ਦਾ ਲਾਭ ਮਿਲੇਗਾ।ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ 1100 ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜੇ ਜਾਣਗੇ, ਜਦਕਿ 1000 ਰੁਪਏ ਦੀ ਰਕਮ ਸਰਕਾਰ ਵੱਲੋਂ ਡਿਪਾਜ਼ਿਟ ਕੀਤੀ ਜਾਵੇਗੀ, ਜੋ ਵਿਆਜ ਸਣੇ ਮਿਲੇਗੀ। ਲਾਭਪਾਤਰੀ ਦੀ ਅਚਾਨਕ ਮੌਤ ਦੀ ਸਥਿਤੀ ਵਿੱਚ ਇਹ ਡਿਪਾਜ਼ਿਟ ਰਕਮ ਤੁਰੰਤ ਨੋਮਨੀ ਨੂੰ ਜਾਰੀ ਕੀਤੀ ਜਾਵੇਗੀ।

ਸੀਐੱਮ ਨਾਇਬ ਸੈਣੀ ਮੁਤਾਬਕ, ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਹੁਣ ਤੱਕ 10 ਲੱਖ 255 ਮਹਿਲਾਵਾਂ ਨੇ ਅਰਜ਼ੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕਰੀਬ 8 ਲੱਖ ਮਹਿਲਾਵਾਂ ਨੂੰ ਸਹਾਇਤਾ ਰਕਮ ਮਿਲ ਰਹੀ ਹੈ। ਬਾਕੀ ਅਰਜ਼ੀਆਂ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਜਾਰੀ ਹੈ। ਸਰਕਾਰ ਵੱਲੋਂ ਹੁਣ ਤੱਕ 250 ਕਰੋੜ ਰੁਪਏ ਦੀ ਸਹਾਇਤਾ ਦੋ ਕਿਸ਼ਤਾਂ ਵਿੱਚ ਜਾਰੀ ਕੀਤੀ ਜਾ ਚੁੱਕੀ ਹੈ।