ਬਾਲ ਕਹਾਣੀ – ਜਿੰਦਗੀ ਦਾ ਅਸਲ ਸੁਆਦ ਆਲਸ ,ਅਰਾਮ ਜਾਂ …..

ਇਕ ਵਿਅਕਤੀ ਬਹੁਤ ਆਲਸੀ ਸੀ | ਉਹ ਇੱਕ ਅਜਿਹੀ ਜ਼ਿੰਦਗੀ ਚਾਹੁੰਦਾ ਸੀ ਜਿਸ ਵਿੱਚ ਉਹ ਹਰ ਵੇਲੇ ਆਰਾਮ ਨਾਲ ਬਿਸਤਰੇ ਵਿੱਚ ਸੁੱਤਾ ਰਹੇ | ਜੇ ਉਸਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾ ਉਹ ਉਸਨੂੰ ਮੰਜੇ ਤੇ ਹੀ ਮਿਲੇ | ਉਸਦੇ ਸਾਰੇ ਪਰਿਵਾਰਕ ਮੈਂਬਰ ਇਸ ਆਦਤ ਤੋਂ ਪ੍ਰੇਸ਼ਾਨ ਸਨ | ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸੁਧਾਰਨ ਲਈ ਉਸ ਦੀ ਇਹ ਇੱਛਾ ਕਦੀ ਪੂਰੀ ਨਹੀਂ ਕੀਤੀ |
ਇਕ ਦਿਨ ਉਸ ਨੂੰ ਸੁਪਨਾਂ ਆਇਆ ਕਿ ਉਹ ਮਰ ਗਿਆ | ਉਸ ਦੀ ਮੌਤ ਤੋਂ ਬਾਅਦ, ਦੂਤ ਉਸ ਨੂੰ ਸਵਰਗ ਲੈ ਗਏ. ਸਵਰਗ ਬਹੁਤ ਖੂਬਸੂਰਤ ਸੀ. ਉਹ ਇਹ ਵੇਖ ਕੇ ਬਹੁਤ ਖੁਸ਼ ਹੋਇਆ। ਦੂਤ ਨੇ ਉਸ ਆਦਮੀ ਨੂੰ ਆਪਣਾ ਘਰ ਦਿਖਾਇਆ ਅਤੇ ਉਸਨੂੰ ਕਿਹਾ – ਤੁਹਾਨੂੰ ਇਥੋਂ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇੱਥੇ ਸਭ ਕੁਝ ਪ੍ਰਾਪਤ ਕਰੋਗੇ | ਇਹ ਸਾਰੇ ਨੌਕਰ ਨੌਕਰਾਣੀਆਂ ਤੁਹਾਡੇ ਹੁਕਮ ਨੂੰ ਪੂਰਾ ਕਰਨਗੀਆਂ |
ਇਹ ਸੁਣਦਿਆਂ ਹੀ ਉਹ ਵਿਅਕਤੀ ਬਹੁਤ ਖੁਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਕਾਸ਼ ਕਿ ਮੈਂ ਇੱਥੇ ਪਹਿਲਾਂ ਆ ਗਿਆ ਹੁੰਦਾ , ਮੈਂ ਐਵੇ ਘਰ ਵਿੱਚ ਦੁੱਖ ਝੱਲਿਆ ਹੈ |

ਹੁਣ ਉਹ ਵਿਅਕਤੀ ਦਿਨ ਰਾਤ ਸੁੱਤਾ ਰਹਿੰਦਾ ਅਤੇ ਜੋ ਵੀ ਉਹ ਮੰਗਦਾ ਓਸੇ ਵੇਲੇ ਮਿਲ ਜਾਂਦਾ | ਕੁਝ ਦਿਨਾਂ ਬਾਅਦ ਉਹ ਇਨ੍ਹਾਂ ਚੀਜ਼ਾਂ ਤੋਂ ਬੋਰ ਹੋ ਗਿਆ। ਜਦੋਂ ਵੀ ਉਹ ਆਪਣੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦਾ| ਨੌਕਰ ਨੌਕਰਾਣੀਆਂ ਉਸ ਨੂੰ ਰੋਕ ਲੈਂਦੇ | ਇਸੇ ਤਰ੍ਹਾਂ ਬਹੁਤ ਸਾਰਾ ਸਮਾਂ ਬੀਤ ਗਿਆ. ਹੌਲੀ ਹੌਲੀ, ਉਸ ਨੂੰ ਇਹ ਸੁੱਖ ਦੀ ਜ਼ਿੰਦਗੀ ਬੋਝ ਮਹਿਸੂਸ ਹੋਣ ਲੱਗੀ | ਉਸਦਾ ਸਵਰਗ ਵਿਚ ਮਨ ਲੱਗਣਾ ਬੰਦ ਹੋ ਗਿਆ | ਹੁਣ ਉਹ ਕੁਝ ਕੰਮ ਕਰਨਾ ਚਾਹੁੰਦਾ ਸੀ |

ਇੱਕ ਦਿਨ ਉਸਨੇ ਦੂਤ ਨੂੰ ਕਿਹਾ – ਮੈਂ ਹੁਣ ਇਸ ਜ਼ਿੰਦਗੀ ਤੋਂ ਬੋਰ ਹਾਂ, ਹੁਣ ਮੈਂ ਕੁਝ ਕੰਮ ਕਰਨਾ ਚਾਹੁੰਦਾ ਹਾਂ |
ਦੂਤ ਨੇ ਕਿਹਾ – ਤੁਹਾਨੂੰ ਇੱਥੇ ਕੰਮ ਕਰਨ ਲਈ ਨਹੀਂ ਬਲਕਿ ਆਰਾਮ ਕਰਨ ਲਈ ਬੁਲਾਇਆ ਗਿਆ ਹੈ | ਤੁਸੀਂ ਵੀ ਇਹੋ ਜਿਹੀ ਜ਼ਿੰਦਗੀ ਚਾਹੁੰਦੇ ਸੀ | ਹੁਣ ਤੁਸੀਂ ਸਾਨੂੰ ਆਪਣੀਆਂ ਇੱਛਾਵਾਂ ਦੱਸੋ | ਅਸੀਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗੇ | ਆਦਮੀ ਨੇ ਦੂਤ ਤੋਂ ਮੁਆਫੀ ਮੰਗੀ ਅਤੇ ਕਿਹਾ – ਮੇਰੀ ਹੁਣ ਕੋਈ ਇੱਛਾ ਨਹੀਂ ਹੈ | ਮੈਂ ਹੁਣ ਕੁਝ ਕੰਮ ਕਰਨਾ ਚਾਹੁੰਦਾ ਹਾਂ ਮੈਂ ਸਭ ਕੁਝ ਸਮਝ ਗਿਆ ਹਾਂ. ਦੂਤ ਨੇ ਉਸ ਵਿਅਕਤੀ ਨੂੰ ਕਿਹਾ – ਮੈਨੂੰ ਵੀ ਦੱਸ ਦੇਣਾ ਕਿ ਤੁਸੀਂ ਕੀ ਸਮਝ ਗਏ ਹੋ |
ਵਿਅਕਤੀ ਨੇ ਕਿਹਾ – ਮੈਂ ਇਸ ਸਭ ਤੋਂ ਸਮਝ ਗਿਆ ਹਾਂ ਕਿ ਕੰਮ ਦੇ ਸਮੇ ਕੰਮ ਅਤੇ ਅਰਾਮ ਦੇ ਸਮੇ ਅਰਾਮ ਕਰਨਾ ਚਾਹੀਦਾ ਹੈ | ਜੇ ਇਨ੍ਹਾਂ ਦੋਨਾਂ ਚੀਜ਼ਾਂ ਵਿਚੋਂ ਕੋਈ ਇੱਕ ਵੀ ਜ਼ਿਆਦਾ ਹੋ ਜਾਏ , ਤਾਂ ਜੀਵਨ ਦਾ ਅਨੰਦ ਖਤਮ ਹੁੰਦਾ ਹੈ |

ਓਸੇ ਵੇਲੇ ਉਸ ਦੀ ਨੀਂਦ ਖੁੱਲ ਗਈ ਅਤੇ ਉਹ ਕੰਮ ਤੇ ਜਾਨ ਲਈ ਤਿਆਰ ਹੋਣ ਲਗਾ |

ਸੋ ਲਾਕ ਡਾਊਨ ਚ ਵੀ ਅਸੀਂ ਸਾਰਾ ਦਿਨ ਅਰਾਮ ਨਹੀਂ ਕਰਨਾ ਜੇ ਜਿੰਦਗੀ ਦਾ ਮਜ਼ਾ ਲੈਣਾ ਹੈ ਤਾ ਨਾਲ ਨਾਲ ਪੜਾਈ ਜਾ ਕੋਈ ਕੰਮ ਵੀ ਕਰਦੇ ਰਹਿਣਾ ਚਾਹੀਦਾ ਹੈ |

– ਮਨਦੀਪ ਕੌਰ