ਨਿਊਜ਼ ਪੰਜਾਬ
24 ਦਸੰਬਰ 2025
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਮੰਗਲਵਾਰ ਦੇਰ ਰਾਤ ਉਡਾਣ ਭਰਨ ਦੇ ਕੁਝ ਦੇਰ ਬਾਅਦ ਨਿੱਜੀ ਜੈੱਟ ਪਲੇਨ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਲੀਬੀਆ ਦੇ ਫੌਜ ਮੁੱਖੀ ਜਨਰਲ ਮੁਹੰਮਦ ਅਲੀ ਅਹਿਮਦ ਅਲ ਹਦਾਦ ਸਣੇ ਕੁੱਲ 7 ਲੋਕਾਂ ਦੀ ਮੌਤ ਹੋ ਗਈ।
ਲੀਬੀਆ ਅਧਿਕਾਰੀਆਂ ਮੁਤਾਬਕ ਜਹਾਜ਼ ਵਿਚ ਟੇਕਆਫ ਦੇ 30 ਮਿੰਟ ਬਾਅਦ ਹੀ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਰਕੇ ਹਾਦਸਾ ਵਾਪਰਿਆ। ਇਹ ਲੀਬੀਆਈ ਫੌਜ ਪ੍ਰਤੀਨਿਧੀ ਮੰਡਲ ਅੰਕਾਰਾ ਵਿਚ ਤੁਰਕੀ ਦੇ ਨਾਲ ਰੱਖਿਆ ਸਹਿਯੋਗ ਵਧਾਉਣ ਨੂੰ ਲੈ ਕੇ ਉੱਚ ਪੱਧਰੀ ਗੱਲਬਾਤ ਲਈ ਆਇਆ ਸੀ ਤੇ ਵਾਪਸ ਲੀਬੀਆ ਪਰਤ ਰਿਹਾ ਸੀ।
ਹਾਦਸੇ ਵਿਚ ਮਰਨ ਵਾਲਿਆਂ ਵਿਚ ਲੀਬੀਆ ਦੇ ਥਲ ਫੌਜ ਮੁਖੀ ਜਨਰਲ ਅਲ ਫਿਤੂਰੀ ਘ੍ਰੈਬਿਲ, ਬ੍ਰਿਗੇਡੀਅਰ ਜਨਰਲ ਮਹਿਮੂਦ ਅਲ ਕਤਾਵੀ, ਚੀਫ ਆਫ ਸਟਾਫ ਦੇ ਸਲਾਹਕਾਰ ਮੁਹੰਮਦ ਅਲ ਅਸਾਵੀ ਦਿਆਬ, ਫੌਜ ਫੋਟੋਗ੍ਰਾਫਰ ਮੁਹੰਮਦ ਓਮਰ ਮਹਿਮੂਦ ਮਹਿਜ਼ੂਬ ਤੇ 3 ਕਰੂ ਮੈਂਬਰ ਸ਼ਾਮਲ ਹਨ। ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ ਹਾਮਿਦ ਦਬੈਬਾ ਨੇ ਬਿਆਨ ਜਾਰੀ ਕਰਕੇ ਜਨਰਲ ਅਲ ਹਦਾਦ ਤੇ ਹੋਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਇਸ ਨੂੰ ਦੇਸ਼ ਲਈ ਵੱਡਾ ਨੁਕਸਾਨ ਦੱਸਿਆ।
