ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਵਪਾਰਕ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ; ਉਡਾਣ ਤੋਂ ਕੁਝ ਮਿੰਟਾਂ ਬਾਅਦ ਵਾਪਸੀ ਦੌਰਾਨ ਕਰੈਸ਼

ਨਿਊਜ਼ ਪੰਜਾਬ

19 ਦਸੰਬਰ 2025

ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਸਵੇਰੇ ਸਟੇਟਸਵਿਲੇ ਖੇਤਰੀ ਹਵਾਈ ਅੱਡੇ ‘ਤੇ ਇੱਕ ਵਪਾਰਕ ਜਹਾਜ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਵਾਈ ਅੱਡਾ ਖ਼ਾਸ ਤੌਰ ‘ਤੇ ਨਾਸਕਾਰ ਟੀਮਾਂ ਅਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਵਰਤਿਆ ਜਾਂਦਾ ਹੈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅੰਕੜਿਆਂ ਮੁਤਾਬਕ, ਜਹਾਜ਼ ਨੇ ਸਵੇਰੇ 10:06 ਵਜੇ ਉਡਾਣ ਭਰੀ ਸੀ। ਪਰ ਉਡਾਣ ਭਰਨ ਦੇ ਮਹਿਜ਼ ਕੁਝ ਮਿੰਟਾਂ ਬਾਅਦ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਆਈ, ਜਿਸ ਕਾਰਨ ਪਾਇਲਟ ਨੇ ਇਸ ਨੂੰ ਵਾਪਸ ਬੇਸ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ। ਸਵੇਰੇ 10:15 ਤੋਂ 10:20 ਦੇ ਵਿਚਕਾਰ ਲੈਂਡਿੰਗ ਕਰਦੇ ਸਮੇਂ ਜਹਾਜ਼ ਕੰਟਰੋਲ ਤੋਂ ਬਾਹਰ ਹੋ ਕੇ ਕਰੈਸ਼ ਹੋ ਗਿਆ।

ਹਾਦਸੇ ਦੇ ਸਮੇਂ ਇਲਾਕੇ ਵਿੱਚ ਹਲਕੀ ਬਾਰਿਸ਼ ਹੋ ਰਹੀ ਸੀ ਅਤੇ ਅਸਮਾਨ ਵਿੱਚ ਸੰਘਣੇ ਬੱਦਲ ਛਾਏ ਹੋਏ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਵਿਜ਼ੀਬਿਲਟੀ (ਦ੍ਰਿਸ਼ਟੀ) ਇਸ ਹਾਦਸੇ ਦਾ ਇੱਕ ਮੁੱਖ ਕਾਰਨ ਹੋ ਸਕਦੀ ਹੈ।