ਪੰਜਾਬ ਸਰਕਾਰ ਵਲੋਂ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰਾਂ ਦੀਆਂ 7055 ਖਾਲੀ ਅਸਾਮੀਆਂ ਭਰਨ ਦੀ ਤਿਆਰੀ

ਨਿਊਜ਼ ਪੰਜਾਬ

ਚੰਡੀਗੜ, 5 ਜੂਨ: ਅੱਜ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਰਾਜ ਪੱਧਰੀ ਮੀਟਿੰਗ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਸੈਕਟਰ 34-ਏ, ਚੰਡੀਗੜ ਦੇ ਦਫ਼ਤਰ ਵਿੱਚ ਹੋਈ।

                ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਐਸਡੀਐਚ ਦਸੂਹਾ (ਜ਼ਿਲਾ ਹੁਸ਼ਿਆਰਪੁਰ), ਸਮਾਣਾ, ਰਾਜਪੁਰਾ (ਪਟਿਆਲਾ), ਖੰਨਾ (ਲੁਧਿਆਣਾ), ਨਕੋਦਰ (ਜਲੰਧਰ) ਅਤੇ ਪਠਾਨਕੋਟ ਵਿਖੇ ਨਵੇਂ ਬਣੇ 30 ਬਿਸਤਰਿਆਂ ਵਾਲੇ ਐਮਸੀਐਚ ਹਸਪਤਾਲ ਅਗਲੇ ਮਹੀਨੇ ਤੱਕ ਮੁਕੰਮਲ ਤੌਰ ‘ਤੇ ਕਾਰਜਸ਼ੀਲ ਕਰ ਦਿੱਤੇ ਜਾਣਗੇ।

ਸ: ਸਿੱਧੂ ਨੇ ਕਿਹਾ ਕਿ ਸੂਬੇ ਭਰ ਵਿਚ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਦੀਆਂ 7055 ਖਾਲੀ ਅਸਾਮੀਆਂ ਭਰਨ ਜਾ ਰਹੀ ਹੈ। ਇਨਾਂ ਅਸਾਮੀਆਂ ਵਿੱਚ ਮੌਜੂਦਾ ਸਮੇਂ  ਵਿਚ ਖਾਲੀ ਪਈਆਂ ਅਸਾਮੀਆਂ, ਪਦਉੱਨਤੀ ਤੋਂ ਬਾਅਦ ਖਾਲੀ ਹੋਣ ਅਤੇ 30 ਸਤੰਬਰ, 2020 ਨੂੰ ਸੇਵਾ ਕਾਲ ਵਿਚ ਵਾਧੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਫਾਰਗੀ ਤੋਂ ਬਾਅਦ ਖਾਲੀ ਹੋਣ ਵਾਲੀਆਂ ਅਸਾਮੀਆਂ ਸ਼ਾਮਲ ਹਨ। ਉਨਾਂ ਕਿਹਾ ਕਿ ਉਹ(ਸਿਹਤ ਮੰਤਰੀ) ਅਗਲੀ ਕੈਬਨਿਟ ਮੀਟਿੰਗ ਵਿੱਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਸਬੰਧੀ ਮਨਜੂਰੀ ਲੈਣ ਲਈ ਫਾਈਲ ਪੇਸ਼ ਕਰਨਗੇੇ।

ਮੰਤਰੀ ਨੇ ਸਪੱਸ਼ਟ ਕੀਤਾ ਕਿ ਆਮ ਜਨਤਾ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਵੱਖ ਵੱਖ ਵਿਸ਼ੇਸ਼ਤਾਵਾਂ ਵਾਲੀਆਂ ਡਾਕਟਰੀ ਸਹੂਲਤਾਂ ,ਜਿਨਾਂ ਨੂੰ ਆਮ ਤੌਰ ਤੇ ਮਾਹਰ ਕੇਡਰ ਵਿਚ ਮਨਜੂਰੀ ਨਹੀਂ ਦਿੱਤੀ ਜਾਂਦੀ ਜਿਵੇਂ ਮੈਡੀਕਲ ਅਫਸਰ (ਮਾਈਕਰੋਬਾਇਓਲੋਜੀ), ਮੈਡੀਕਲ ਅਫਸਰ (ਐਸਪੀਐਮ), ਮੈਡੀਕਲ ਅਫਸਰ (ਫੋਰੈਂਸਿਕ ਮੈਡੀਸਨ) ਨੂੰ ਸ਼ਾਮਲ ਕੀਤੇ ਜਾਣ ਸਬੰਧੀ ਵੀ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ  ਤਾਂ  ਜੋ ਰਾਜ ਦੇ ਪੇਂਡੂ ਇਲਾਕਿਆਂ ਦੇ ਹਸਪਤਾਲਾਂ ਨੂੰ ਹੋਰ ਸਮਰੱਥ ਬਣਾਇਆ ਜਾ ਸਕੇ।

ਨਵੇਂ ਜ਼ਿਲਾ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ 732 ਨਵੀਆਂ ਅਸਾਮੀਆਂ ਸਥਾਪਤ ਕਰਨ, ਜ਼ਿਲਾ ਜਲੰਧਰ, ਲੁਧਿਆਣਾ ਅਤੇ ਅੰਮਿ੍ਰਤਸਰ ਵਿੱਚ ਨਵੇਂ ਬਣੇ 11 ਸ਼ਹਿਰੀ ਸੀ.ਐੱਚ.ਸੀਜ਼ ਵਿੱਚ 528 ਅਸਾਮੀਆਂ ਭਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ।

ਕੋਵਿਡ -19 ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਮਾਰਚ 2020 ਤੋਂ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਲੜ ਰਿਹਾ ਹੈ। ਹੁਣ ਤੱਕ 2461 ਮਰੀਜ਼ਾਂ ਦੀ ਕੋਵਿਡ -19  ਸਬੰਧੀ ਜਾਂਚ ਪਾਜ਼ੇਟਿਵ ਪਾਈ ਗਈ ਹੈ ਅਤੇ 2069 ਮਰੀਜ਼ ਠੀਕ ਹੋਏ ਜ਼ੋ ਕਿ 80 ਪ੍ਰਤੀਸ਼ਤ ਤੋਂ ਵੀ ਵੱਧ ਬਣਦਾ ਹੈ। ਉਨਾਂ ਡਾਇਰੈਕਟਰ (ਸਿਹਤ ਸੇਵਾਵਾਂ )ਡਾ: ਅਵਨੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਕੋਰੋਨਾ ਮਰੀਜ਼ਾਂ ਦੇ ਸਾਰੇ ਸੰਪਰਕਾਂ ਦੀ ਵਿਆਪਕ ਟਰੇਸਿੰਗ ਅਤੇ ਟੈਸਟਿੰਗ ਨੂੰ ਯਕੀਨੀ ਬਣਾਉਣ।

ਡਾ.ਅਵਨੀਤ ਕੌਰ ਨੇ ਮੀਟਿੰਗ ਵਿਚ ਦੱਸਿਆ ਕਿ ਰਾਜ ਵਿੱਚ ਨਿਗਰਾਨੀ ਨੂੰ ਹੋਰ ਵਧਾਉਣ ਲਈ ਸਮੂਹ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਸੂਬੇ ਭਰ ਵਿੱਚ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ ਸਹਿ-ਰੋਗਾਂ ਵਾਲੇ ਜਾਂ ਲੱਛਣ ਵਾਲੇ 30 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ  ਦੀ ਹਾਊਸ ਟੂ ਹਾਊਸ ਨਿਗਰਾਨੀ ਪਹਿਲਾਂ ਹੀ ਇੱਕ ਮੋਬਾਈਲ ਅਧਾਰਤ ਐਪਲੀਕੇਸ਼ਨ ਤੇ ਸ਼ੁਰੂ ਕੀਤੀ ਜਾ ਚੁੱਕੀ ਹੈ।

ਸਿਹਤ ਮੰਤਰੀ ਨੇ ਰਾਜ ਪ੍ਰੋਗਰਾਮ ਅਫਸਰ, ਆਈਡੀਐਸਪੀ ਨੂੰ ਹਦਾਇਤ ਕੀਤੀ ਕਿ ਰਾਜ ਵਿੱਚ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਰੋਗਾਂ ਦੀ ਜਾਂਚ ਅਤੇ ਪ੍ਰਬੰਧਨ ਦੀ ਤਿਆਰੀ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਆਈਡੀਐਸਪੀ ਪ੍ਰੋਗਰਾਮ ਵਿੱਚ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਨਵੇਂ ਸਟਾਫ ਦੀ ਭਰਤੀ ਕੀਤੀ ਜਾਵੇ। ਸਰਬੱਤ ਸਹਿਤ ਬੀਮਾ ਯੋਜਨਾ, ਮਾਂ ਅਤੇ ਬਾਲ ਸਿਹਤ ਪ੍ਰੋਗਰਾਮ, ਮਾਨਸਿਕ ਸਿਹਤ ਪ੍ਰੋਗਰਾਮ, ਮੁਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ, ਟੀਬੀ ਪ੍ਰੋਗਰਾਮ ਅਤੇ ਕੇਅਰ ਕੰਪੇਅਨ ਪ੍ਰੋਗਰਾਮ ਵਰਗੇ ਪ੍ਰਮੁੱਖ ਪ੍ਰੋਗਰਾਮਾਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿਚ ਹਾਜ਼ਰ ਹੋਰਨਾਂ ਵਿਚ ਡਾਇਰੈਕਟਰ (ਸਿਹਤ ਸੇਵਾਵਾਂ) ਡਾ: ਅਵਨੀਤ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਪ੍ਰਭਦੀਪ ਕੌਰ ਜੌਹਲ ਅਤੇ ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਅਤੇ ਡਾਇਰੈਕਟੋਰੇਟ (ਸਿਹਤ) ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

——-