ਪੰਜਾਬ ਵਿੱਚ ਅੱਜ 1 ਤੋਂ 3 ਵਜੇ ਰੇਲਵੇ ਟ੍ਰੈਕ ਜ਼ਾਮ: ਕਿਸਾਨ ਮਜ਼ਦੂਰ ਮੋਰਚੇ ਦਾ ਵੱਡਾ ਪ੍ਰਦਰਸ਼ਨ

ਨਿਊਜ਼ ਪੰਜਾਬ

5 ਦਸੰਬਰ 2025

ਪੰਜਾਬ ਵਿੱਚ ਅੱਜ ਦੁਪਹਿਰ ਵੇਲੇ ਕਿਸਾਨ ਮਜ਼ਦੂਰ ਮੋਰਚਾ (KMM) ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਅੱਜ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤਹਿਤ, ਸੂਬੇ ਭਰ ਵਿੱਚ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ (ਕੁੱਲ 2 ਘੰਟੇ) ਰੇਲਵੇ ਟ੍ਰੈਕ ਪੂਰੀ ਤਰ੍ਹਾਂ ਜਾਮ ਰਹਿਣਗੇ।

ਕਿਸਾਨਾਂ ਨੇ ਇਹ ਪ੍ਰਦਰਸ਼ਨ ਪੰਜਾਬ ਦੇ ਮੁੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਅਤੇ ਪਟਿਆਲਾ ਸਮੇਤ 19 ਜ਼ਿਲ੍ਹਿਆਂ ਵਿੱਚ ਫੈਲੇ 26 ਵੱਖ-ਵੱਖ ਟ੍ਰੈਕਾਂ ‘ਤੇ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ, ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਕੁਝ ਟ੍ਰੇਨਾਂ ਨੂੰ ਰੋਕਣ, ਮਾਰਗ ਬਦਲਣ ਜਾਂ ਰੱਦ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ। ਹਾਲਾਂਕਿ, ਅਜੇ ਤੱਕ ਪ੍ਰਭਾਵਿਤ ਟ੍ਰੇਨਾਂ ਦੀ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਗਈ ਹੈ।

ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਜਬੂਰੀ ਵੱਸ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ, ਖ਼ਾਸ ਕਰਕੇ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਲਾਗੂ ਕਰਨ ‘ਤੇ ਕੋਈ ਧਿਆਨ ਨਹੀਂ ਦਿੱਤਾ।ਹੋਰ ਮੰਗਾਂ ਵਿੱਚ ਬਿਜਲੀ ਸੁਧਾਰ ਬਿੱਲ-2025 ਨੂੰ ਰੱਦ ਕਰਨਾ, ਪ੍ਰੀਪੇਡ ਮੀਟਰਾਂ ਨੂੰ ਹਟਾ ਕੇ ਪੁਰਾਣੇ ਮੀਟਰ ਲਗਾਉਣਾ, ਅਤੇ ਕਿਸਾਨ-ਮਜ਼ਦੂਰਾਂ ਨਾਲ ਸਬੰਧਤ ਹੋਰ ਮੁੱਦਿਆਂ ‘ਤੇ ਧਿਆਨ ਦੇਣਾ ਸ਼ਾਮਲ ਹੈ।ਸਰਵਣ ਸਿੰਘ ਪੰਧੇਰ ਨੇ ਚੇਤਾਵਨੀ ਦਿੱਤੀ: “ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ‘ਤੇ ਗੌਰ ਨਾ ਕੀਤਾ, ਤਾਂ ਅੰਦੋਲਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਇਹ ਇੱਕ ਵਿਆਪਕ ਰੂਪ ਲੈ ਸਕਦਾ ਹੈ।”