ਪੰਜਾਬ ਸਰਕਾਰ ਵਲੋਂ ਰਵੀ ਸਿੱਧੂ ਕੇਸ ਵਾਲੇਂ 61 ਕਾਲਜ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਹਰੀ ਝੰਡੀ: ਤਿ੍ਰਪਤ ਬਾਜਵਾ
ਨਿਊਜ਼ ਪੰਜਾਬ
ਚੰਡੀਗੜ, 05 ਜੂਨ: ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਅਿਾ ਵਿਭਾਗ ਵਲੋਂ ਰਵੀ ਸਿੱਧੂ ਕੇਸ ਵਾਲੇ 61 ਕਾਲਜ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਉੱਚੇਰੀ ਸਿੱਖਿਆ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਵਿਚੋਂ 16 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।ਇਸ ਦੇ ਨਾਲ ਉਨਾਂ ਦੱਸਿਆ ਕਿ ਜਿਹੜੇ ਜਿਹੜੇ ਯੋਗ ਪਾਏ ਗਏ ਲੈਕਚਰਾਰ ਆਪਣੇ ਲੋੜੀਂਦੇ ਦਸਤਾਵੇਜ ਵਿਭਾਗ ਕੋਲ ਜਮਾਂ ਕਰਵਾਉਣਗੇ ਉਨਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਸ੍ਰੀ ਬਾਜਵਾ ਨੇ ਦੱਸਿਆ ਕਿ ਲੈਕਚਰਾਰਾਂ ਦੀ ਭਰਤੀ ਦਾ ਇਹ ਮਾਮਲਾ ਬਹੁਤ ਲੰਮੇ ਅਰਸੇ ਤੋਂ ਅਦਾਲਤੀ ਕਾਰਵਾਈ ਕਰਕੇ ਰੁਕਿਆ ਹੋਇਆ ਸੀ।ਪਰ ਹੁਣ ਅਦਾਲਤ ਵਲੋਂ ਇਸ ਮਾਮਲੇ ਵਿਚ ਦਿੱਤੇ ਗਏ ਫੈਸਲੇ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਭਾਗੀ ਕਮੇਟੀ ਨੇ 61 ਕਾਲਜ਼ ਲੈਕਚਰਾਰਾਂ ਨੂੰ ਨੌਕਰੀ ਲਈ ਯੋਗ ਪਾਇਆ ਹੈ।
ਜਿਕਰਯੋਗ ਹੈ ਕਿ ਸ੍ਰੀ ਰਵੀਇੰਦਰ ਪਾਲ ਸਿੰਘ ਸਿੱਧੂ, ਸਾਬਕਾ ਚੇਅਰਮੈਨ, ਪੀ.ਪੀ ਐਸ ਸੀ. ਦੇ ਕਾਰਜਕਾਲ ਦੌਰਾਨ ਕਾਲਜ ਲੈਕਚਰਾਰਾਂ ਦੀ ਭਰਤੀ ਸਬੰਧੀ ਕੀਤੀ ਗਈ ਚੋਣ ਨੂੰ ਪ੍ਰਸੋਨਲ ਵਿਭਾਗ ਨੇ ਨੋਟੀਫਿਕੇਸਨ ਮਿਤੀ 16.05.2003 ਰਾਹੀਂ ਰੱਦ ਕਰ ਦਿੱਤਾ ਸੀ, ਜਿਸ ਨੂੰ ਚੁਣੇ ਗਏ ਉਮੀਦਵਾਰਾਂ ਵਿੱਚੋਂ ਕੁੱਲ 69 ਉਮੀਦਵਾਰਾਂ ਨੇ ਵੱਖ-ਵੱਖ ਰਿੱਟ ਪਟੀਸਨਾਂ ਰਾਹੀਂ ਚੈਲਿੰਜ ਕੀਤਾ ਸੀ ਅਤੇ ਮਾਨਯੋਗ ਹਾਈਕੋਰਟ ਨੇ ਸਬੰਧਤ ਵਿਸ਼ਿਆਂ ਵਿੱਚ ਇੰਟਰਵਿਊ ਤੇ ਸਟੇਅ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਕ ਰਿਪੋਰਟ ਅਨੁਸਾਰ 69 ਉਮੀਦਵਾਰਾ ਵਿਚੋਂ 48 ਉਮੀਦਵਾਰਾਂ ਨੂੰ ਨਾਨ ਟੇਟਿੰਡ ਅਤੇ 21 ਉਮੀਦਵਾਰਾਂ ਟੇਟਿੰਡ ਘੋਸ਼ਿਤ ਕੀਤਾ ਗਿਆ ਸੀ ।
ਇਸ ‘ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾ ਦੇ ਸਨਮੁਖ ਸ੍ਰੀਮਤੀ ਵਿੰਨੀ ਮਹਾਜਨ ਆਈ.ਏ.ਐਸ. ਵਧੀਕ ਮੁੱਖ ਸਕੱਤਰ, ਪੰਜਾਬ ਅਤੇ ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ. ਸਕੱਤਰ, ਉਚੇਰੀ ਸਿਖਿਆ ਵਿਭਾਗ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਸੀ।ਇਸ ਕਮੇਟੀ ਵਲੋਂ ਟੇਟਿੰਡ ਉਮੀਦਵਾਰਾਂ ਸਬੰਧੀ ਪੁਰੇ ਤੱਥਾਂ ਦੀ ਘੋਖ ਉਪਰੰਤ ਰਿਪੋਰਟ ਪੇਸ਼ ਕੀਤੀ ਗਈ ਅਤੇ 13 ਹੋਰ ਉਮੀਦਵਾਰਾਂ ਨਾਨ-ਟੇਟਿੰਡ ਘੋਸ਼ਿਤ ਕੀਤਾ ਗਿਆ ।
ਇਸ ਤਰਾਂ ਹੁਣ ਕੁਲ 61 ਉਮੀਦਵਾਰਾਂ ਨੂੰ ਨਿਯੁਕਤ ਕਰਨ ਸਬੰਧੀ ਕਾਰਵਾਈ ਆਰੰਭ ਕਰਦੇ ਹੋਏ ਉਮੀਦਵਾਰਾ ਤੋਂ ਲੋੜੀਂਦੇ ਦਸਤਾਵੇਜ ਪ੍ਰਾਪਤ ਕਰਨ ਉਪਰੰਤ 16 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਵਲੋਂ ਲੋੜੀਂਦੀ ਦਸਤਾਵੇਜ ਪ੍ਰਾਪਤ ਹੋਣ ਉਪਰੰਤ ਉਹਨਾਂ ਨੁੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।