
ਜੇ ਸਾਰੀ ਦੁਨੀਆ ਦੇ ਇਤਿਹਾਸ ਨੂੰ ਇੱਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਇਹ ਗਿਣਤੀ ਨਹੀਂ ਪੁੱਜੇਗੀ- ਸੰਤ ਗਿਆਨੀ ਅਮੀਰ ਸਿੰਘ
ਲੁਧਿਆਣਾ, 26ਨਵੰਬਰ ( ਪ੍ਰਿਤਪਾਲ ਸਿੰਘ ਪਾਲੀ )- ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਦ੍ਰਿੜਤਾ ਨਾਲ ਪਹਿਰੇਦਾਰੀ ਕਰਦੀ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਦੀ ਅਗਵਾਈ ਹੇਠ ਅੱਜ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਸਮੂਲੀਅਤ ਕਰਨ ਲਈ ਜੱਥੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ।
ਜ਼ਾਰੀ ਜਾਣਕਾਰੀ ਅਨੁਸਾਰ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦੀ ਸ਼ਤਾਬਦੀ ਸਮਾਰੋਹ ਵਿੱਚ ਸਮੂਲੀਅਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ‘ਚ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੇ ਪ੍ਰਾਣਾਂ ਤੋਂ ਪਿਆਰੇ ਗੁਰਸਿੱਖਾਂ ਦੀ ਸ਼ਹੀਦੀ ਦਾ ਜਿਕਰ ਕਰਦਿਆਂ ਕਿਹਾ ਕਿ ਸਿੱਖ ਧਰਮ ਚ ਸ਼ਹੀਦੀ ਦਾ ਸਥਾਨ ਬਹੁਤ ਉੱਚਾ ਹੈ। ਸਿੱਖ ਪੰਥ ਵਿੱਚ ਸ਼ਹੀਦਾਂ ਦਾ ਬੇਮਿਸਾਲ ਸਤਿਕਾਰ ਕੀਤਾ ਜਾਂਦਾ ਹੈ। ਰੋਜਾਨਾ ਅਰਦਾਸ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ ਸ਼ਹੀਦਾਂ ਨੇ ਅਸਹਿ ਤੇ ਅਕੈਹ ਕਸ਼ਟ ਸਹਾਰਦੇ ਹੋਏ ਸ਼ਹੀਦੀ ਪਾਈ ਪਰ ਸਿਦਕ ਨਹੀਂ ਹਾਰਿਆ। ਉਹਨਾਂ ਨੇ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਅਤੇ ਮਾਨਵੀ ਹੱਕ ਸੱਚ ਲਈ ਕੁਰਬਾਨੀ ਦਿੱਤੀ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਜੇ ਸਾਰੀ ਦੁਨੀਆ ਦੇ ਇਤਿਹਾਸ ਨੂੰ ਇੱਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਇਹ ਗਿਣਤੀ ਨਹੀਂ ਪੁੱਜੇਗੀ। ਉਨ੍ਹਾਂ ਕਿਹਾ ਗੁਰੁ ਸਾਹਿਬ ਜੀ ਕੱਲ ਵੀ ਸਨ, ਅੱਜ ਵੀ ਨੇ ਤੇ ਕੱਲ ਨੂੰ ਵੀ ਰਹਿਣਗੇ।
ਮਹਾਂਪੁਰਸ਼ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਲੋਂ ਸ਼ਹੀਦੀ ਬਾਗ ਵਿਖੇ ਚੱਲਦੀਆਂ ਲੰਗਰ ਸੇਵਾਵਾਂ ਵਿਚ ਪੁੱਜ ਕੇ ਲੰਗਰ ਛਕਿਆ ਅਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
