ਸੰਗਤਾਂ ਵੱਲੋਂ ਸ਼ਹੀਦੀ ਦੇ 350 ਸਾਲਾ ਸਮਾਰੋਹਾਂ’ਚ ਸ਼ਰਧਾ ਭਰੀ ਹਾਜ਼ਰੀ, ਜਥੇਦਾਰ ਗੜਗੱਜ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ‘ਤੇ ਸਪੱਸ਼ਟ ਮਤਾ ਲਿਆਉਣ ਦੀ ਮੰਗ

ਨਿਊਜ਼ ਪੰਜਾਬ

24 ਨਵੰਬਰ 2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ 350 ਸਾਲਾ ਪ੍ਰਕਾਸ਼ ਸਮਾਪਨ ਸਮਾਰੋਹਾਂ ਦੇ ਤਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ। ਧਾਰਮਿਕ, ਪੰਥਕ ਅਤੇ ਰਾਜਨੀਤਕ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ।

ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਸਜੇ ਕੇਂਦਰੀ ਪੰਡਾਲ ਵਿੱਚ ਹੋਏ ਗੁਰਮਤਿ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ, ਕਵੀਸ਼ਰੀ, ਕਵਿਤਾ, ਢਾਡੀ ਵਾਰਾਂ ਅਤੇ ਭਾਸ਼ਣ ਰਾਹੀਂ ਸ਼ਹੀਦੀ ਇਤਿਹਾਸ ਦੇ ਵੱਖਰੇ ਪੱਖਾਂ ਨੂੰ ਉਜਾਗਰ ਕੀਤਾ। ਉਨ੍ਹਾਂ ਦੀਆਂ ਰੂਹਾਨੀ ਪੇਸ਼ਕਾਰੀਆਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਬਲਿਦਾਨ ਨਾਲ ਜੋੜਿਆ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਸਮੇਤ ਕਈ ਹੋਰ ਪ੍ਰਸਿੱਧ ਗੁਰਮਤਿ ਵਿਅਖ੍ਯਾਤਾਵਾਂ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ।ਆਪਣੇ ਸੰਬੋਧਨ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਧਰਮਕ ਅਜ਼ਾਦੀ ਦੀ ਰੱਖਿਆ ਕਰਦਿਆਂ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਅਤੇ ਮੁਗਲ ਜ਼ੁਲਮ ਦੇ ਰਾਜ ਨੂੰ ਹਿਲਾ ਦਿੱਤਾ। ਉਨ੍ਹਾਂ ਸਮਕਾਲੀ ਸਰਕਾਰਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਕਿ ਉਹ ਗੁਰੂ ਸਾਹਿਬ ਦੀ ਸ਼ਹੀਦੀ ਦਾ 350 ਸਾਲਾ ਦਿਹਾੜਾ ਮਨਾ ਰਹੀਆਂ ਹਨ, ਪਰ ਉਹੀ ਸਰਕਾਰਾਂ ਗੁਰੂ ਸਾਹਿਬ ਦੀ ਸੋਚ ਅਤੇ ਅਸੂਲਾਂ ਦੇ ਉਲਟ ਕੰਮਾਂ ਨੂੰ ਵਧਾਵਾ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਤਦ ਹੀ ਅਸਲ ਮਾਇਨਿਆਂ ਵਿੱਚ ਫਲਦਾਇਕ ਹੋ ਸਕਦਾ ਸੀ ਜੇ ਉਸ ਵਿੱਚ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਤਾ ਪਾਸ ਕੀਤਾ ਜਾਂਦਾ। ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਸਿਆਸੀ ਕੈਦੀਆਂ ਨਾਲ ਹੋ ਰਹੇ ਧੱਕੇ ਵਿਰੁੱਧ ਆਪਣਾ ਸਪੱਸ਼ਟ ਸਟੈਂਡ ਪੇਸ਼ ਕਰਨਾ ਚਾਹੀਦਾ ਹੈ, ਤਾਂ ਕਿ ਇਹ ਸਮਝ ਆ ਸਕੇ ਕਿ ਉਹ ਪੰਜਾਬ ਦੇ ਨਾਲ ਹੈ ਜਾਂ ਕੇਂਦਰ ਦੇ ਦਬਾਅ ਹੇਠ।

ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਪਦੇਸ਼ਾਂ ਵਿੱਚ ਸਮਾਏ ਸਰਬ ਸਾਂਝੀਵਾਲਤਾ, ਆਤਮ ਚਿੰਤਨ ਅਤੇ ਧਰਮਕ ਮਜ਼ਬੂਤੀ ਦੇ ਸੰਦੇਸ਼ ਨੂੰ ਅਪਣਾਉਣ ਦੀ ਲੋੜ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਸਾਨੂੰ ਆਪਣੇ-ਆਪਣੇ ਧਰਮ ਵਿੱਚ ਡੂੰਘੇ ਹੋ ਕੇ ਜੀਵਨ ਜਿਉਣ ਲਈ ਪ੍ਰੇਰਨਾ ਦਿੰਦੇ ਹਨ।