ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ—ਦੋਸਤ ਕੁਲਵਿੰਦਰ ਬਿੱਲਾ ਨੇ ਕੀਤਾ ਪਾਣੀਪਤ ਦਾ ਸ਼ੋਅ, ਕਮਾਈ ਦੇਣਗੇ ਪਰਿਵਾਰ ਨੂੰ

ਨਿਊਜ਼ ਪੰਜਾਬ

20 ਨਵੰਬਰ 2025

ਪੰਜਾਬੀ ਸੰਗੀਤ ਜਗਤ ਦੇ ਉੱਭਰਦੇ ਸਿਤਾਰੇ, ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਨੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਨੂੰ ਡੂੰਘਾ ਸਦਮਾ ਦਿੱਤਾ ਹੈ। ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ 8 ਅਕਤੂਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਵੰਦਾ ਦੀ ਮੌਤ ਸਮੇਂ ਉਨ੍ਹਾਂ ਦੇ 52 ਦੇ ਕਰੀਬ ਸ਼ੋਅ ਬੁੱਕ ਸਨ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਗਾਇਕ ਹੁਣ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।

ਜਵੰਦਾ ਦੇ ਸਭ ਤੋਂ ਕਰੀਬੀ ਦੋਸਤਾਂ ਵਿੱਚੋਂ ਇੱਕ, ਗਾਇਕ ਕੁਲਵਿੰਦਰ ਬਿੱਲਾ ਨੇ ਹਾਲ ਹੀ ਵਿੱਚ ਪਾਣੀਪਤ ਵਿਖੇ ਰਾਜਵੀਰ ਜਵੰਦਾ ਦਾ ਬੁੱਕ ਕੀਤਾ ਹੋਇਆ ਸ਼ੋਅ ਕੀਤਾ। ਬਿੱਲਾ ਨੇ ਇਹ ਸ਼ੋਅ ਕਰਕੇ ਜਵੰਦਾ ਦੇ ਪਰਿਵਾਰ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ। ਇਹ ਇੱਕ ਭਾਵੁਕ ਪਲ ਸੀ ਜਦੋਂ ਇੱਕ ਦੋਸਤ ਨੇ ਆਪਣੇ ਵਿੱਛੜੇ ਹੋਏ ਸਾਥੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਬੀੜਾ ਚੁੱਕਿਆ। ਸੂਤਰਾਂ ਅਨੁਸਾਰ, ਇਸ ਸ਼ੋਅ ਤੋਂ ਹੋਈ ਕਮਾਈ ਕੁਲਵਿੰਦਰ ਬਿੱਲਾ ਵੱਲੋਂ ਜਵੰਦਾ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਦਾ ਦੀ ਦੋਸਤੀ ਕਾਫੀ ਲੰਬੀ ਸੀ। ਦੋਵੇਂ ਪਟਿਆਲਾ ਯੂਨੀਵਰਸਿਟੀ ਵਿੱਚ ਇਕੱਠੇ ਪੜ੍ਹੇ ਸਨ। ਬਿੱਲਾ ਨੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।

ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਪਰਿਵਾਰ ਨਾਲ ਗਾਇਕ ਕੁਲਵਿੰਦਰ ਬਿੱਲਾ ਅਤੇ ਕਨਵਰ ਗਰੇਵਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ। ਜਵੰਦਾ ਦੀ ਮੌਤ ਉਪਰੰਤ, ਦੋਵਾਂ ਨੇ ਸਾਰੇ ਕਲਾਕਾਰਾਂ ਨਾਲ ਮਿਲ ਕੇ ਇਹ ਐਲਾਨ ਕੀਤਾ ਸੀ ਕਿ ਉਹ ਰਾਜਵੀਰ ਦੇ ਬੁੱਕ ਕੀਤੇ ਹੋਏ ਸ਼ੋਅ ਕਰਨਗੇ ਤਾਂ ਜੋ ਪਰਿਵਾਰ ਨੂੰ ਆਰਥਿਕ ਮਦਦ ਮਿਲ ਸਕੇ। ਕਈ ਹੋਰ ਸਿੰਗਰਾਂ ਨੇ ਵੀ ਇਸ ਨੇਕ ਕਾਰਜ ਲਈ ਹਾਂ-ਪੱਖੀ ਹੁੰਗਾਰਾ ਭਰਿਆ ਹੈ।