ਗੁਰੂ ਤੇਗ ਬਹਾਦਰ ਸਾਹਿਬ ਦੀ 350 ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ‘ਚ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ 18 ਨੂੰ- ਸੰਤ ਅਮੀਰ ਸਿੰਘ

ਪ੍ਰਿਤਪਾਲ ਸਿੰਘ ਪਾਲੀ

ਲੁਧਿਆਣਾ,16 ਨਵੰਬਰ – ਗੁਰਬਾਣੀ ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ  ਵੱਲੋਂ ਭੇਜੀ ਜਾਣਕਾਰੀ ਅਨੁਸਾਰ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 18 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ 350 ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ‘ਚ ਤੀਜਾ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਟਕਸਾਲ” ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ  ਕਿ ਔਰੰਗਜ਼ੇਬ ਜੈਸੇ ਕਰੂਰ ਬਾਦਸ਼ਾਹ, ਜਿਸ ਨੇ ਦੁਨੀ ਦੀ ਖਾਤਰ ਦੀਨ ਗਵਾਇਆ, ਜਿਸ ਨੂੰ ਨਾ ਲੋਕ ਲਾਜ, ਨਾ ਬਾਪ ‘ਤੇ ਤਰਸ, ਨਾ ਭਰਾਵਾਂ ‘ਤੇ ਦਇਆ ਆਈ, ਐਸੇ ਗਰੂਰ ਤੇ ਹੰਕਾਰ ਵਿੱਚ ਭਰੇ ਵਕਤੀ ਬਾਦਸ਼ਾਹ ਔਰੰਗਜੇਬ ਦੇ ਸਿਰ ‘ਤੇ ਆਪਣੇ ਸਰੀਰ ਦਾ ਠੀਕਰਾ ਭੰਨਣ ਵਾਲੇ ਤਿਲਕ ਜੰਝੂ ਦੀ ਖਾਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਮਾਨਵਤਾ ਦੇ ਇਤਿਹਾਸ ਦੀ ਐਸੀ ਅਦੁੱਤੀ ਘਟਨਾ ਹੈ, ਜੋ ਨਾ ਕਦੇ ਪਹਿਲਾਂ ਹੋਈ ਅਤੇ ਨਾ ਹੀ ਹੋ ਸਕੇਗੀ।

ਇਸੇ ਤਰ੍ਹਾਂ ਧਰਮਵੀਰ ਤੇ ਆਤਮ ਗਿਆਨੀ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਮਿਸਾਲ ਵੀ ਕਿਧਰੇ ਨਹੀਂ ਮਿਲਦੀ।

ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਵੀਂ ਸ਼ਹੀਦੀ ਸ਼ਤਾਬਦੀ ਦੇ ਉਨ੍ਹਾਂ ਪੱਖਾਂ ਨੂੰ ਸਾਂਝਾ ਕਰਨ ਲਈ ਤੀਜਾ ਵਿਸ਼ੇਸ਼ ਸੈਮੀਨਾਰ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਜਿਸ ਵਿੱਚ ਸਿੱਖ ਵਿਦਵਾਨ ਡਾ: ਇੰਦਰਜੀਤ ਸਿੰਘ ਗੋਗੋਆਣੀ ਖਾਲਸਾ ਕਾਲਜ ਅੰਮ੍ਰਿਤਸਰ, ਡਾ: ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਬੁਲਾਰੇ ਹੋਣਗੇ ਜਦਕਿ ਡਾ: ਸਰਬਜੀਤ ਕੌਰ ਸੰਧਾਵਾਲੀਆ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ।

ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ 4 ਤਰੀਕ ਨੂੰ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਸੀ। ਸੂਬੇ ਦੇ ਕੇਂਦਰੀ ਸ਼ਹਿਰ ਲੁਧਿਆਣਾ ਸਥਿਤ ਜਵੱਦੀ ਟਕਸਾਲ ਵੱਲੋਂ ਕਰਵਾਏ ਜਾਂਦੇ ਅਜਿਹੇ ਸੈਮੀਨਾਰਾਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਰਹਿੰਦਾ ਹੈ। ਦਫਤਰ ਜਵੱਦੀ ਟਕਸਾਲ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਸੈਮੀਨਾਰ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।