ਗੁਰੂ ਨਾਨਕ ਆਮਦ ਨਰਾਇਨ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ।।੧।। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆ ਹੋਵਣ ਜੀ।।🙏

ਨਿਊਜ਼ ਪੰਜਾਬ

5 ਨਵੰਬਰ 2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।।

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਤੇ ਉਪਦੇਸ਼

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1469 ਈ. ਨੂੰ ਤਲਵੰਡੀ ਵਿਖੇ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ।ਗੁਰੂ ਸਹਿਬ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਧਾਰਮਿਕ, ਸੱਚੇ ਅਤੇ ਗਿਆਨਵਾਨ ਹਨ। ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ।

ਗੁਰੂ ਨਾਨਕ ਦੇਵ ਜੀ ਨੇ ਸਾਨੂੰ “ਇਕ ਓਅੰਕਾਰ”, ਅਰਥਾਤ ਇਕ ਪ੍ਰਭੂ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰਾ ਸੰਸਾਰ ਇਕ ਹੀ ਰੱਬ ਦੀ ਰਚਨਾ ਹੈ ਅਤੇ ਹਰ ਮਨੁੱਖ ਵਿਚ ਉਸ ਰੱਬ ਦੀ ਜੋਤ ਵਸਦੀ ਹੈ। ਉਨ੍ਹਾਂ ਨੇ ਸਾਰੀ ਦੁਨੀਆ ਨੂੰ ਸੱਚ, ਨਾਮ ਅਤੇ ਕਿਰਤ ਕਰਨ ਦਾ ਪਾਠ ਪੜ੍ਹਾਇਆ। ਗੁਰੂ ਜੀ ਨੇ ਕਿਹਾ – “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ”, ਅਰਥਾਤ ਸਭ ਮਨੁੱਖ ਇਕੋ ਜਿਹੇ ਹਨ।

ਉਨ੍ਹਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਭ ਜਾਤੀਆਂ ਅਤੇ ਵਰਗਾਂ ਦੇ ਲੋਕ ਇਕੋ ਥਾਂ ਬੈਠ ਕੇ ਭੋਜਨ ਕਰ ਸਕਣ। ਉਨ੍ਹਾਂ ਦੇ ਤਿੰਨ ਮੁੱਖ ਸਿਧਾਂਤ — ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ — ਸਿੱਖ ਜੀਵਨ ਦੇ ਆਧਾਰ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਅੰਧਵਿਸ਼ਵਾਸ, ਜਾਤ-ਪਾਤ ਅਤੇ ਅਨਿਆਇ ਦਾ ਵਿਰੋਧ ਕੀਤਾ।

ਉਨ੍ਹਾਂ ਦੀਆਂ ਯਾਤਰਾਵਾਂ (ਉਦਾਸੀਆਂ) ਦੌਰਾਨ ਉਨ੍ਹਾਂ ਨੇ ਕਈ ਦੇਸ਼ਾਂ ਵਿਚ ਜਾ ਕੇ ਲੋਕਾਂ ਨੂੰ ਸੱਚਾਈ ਤੇ ਪ੍ਰੇਮ ਦਾ ਸੁਨੇਹਾ ਦਿੱਤਾ। 1539 ਈ. ਵਿੱਚ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਜੋਤਿ ਜੋਤਿ ਸਮਾਏ। ਉਨ੍ਹਾਂ ਦਾ ਸੰਦੇਸ਼ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ — ਸੱਚ ਬੋਲਣਾ, ਸੇਵਾ ਕਰਨੀ ਅਤੇ ਰੱਬ ਦੇ ਨਾਮ ਨਾਲ ਜੋੜੇ ਰਹਿਣਾ।

*ਕਲਿ ਤਾਰਨ, ਗੁਰੂ ਨਾਨਕ ਆਇਆll*
*ਸੁਣੀ ਪੁਕਾਰ, ਦਾਤਾਰ ਪ੍ਰਭੁ,*
*ਗੁਰੁ ਨਾਨਕ, ਜਗ ਮਾਹਿ ਪਠਾਇਆ ll*
ਆਪ ਜੀ ਨੂੰ ਤੇ ਆਪਜੀ ਦੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏