ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤਿ ਦਿਵਸ ‘ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ 

ਨਿਊਜ਼ ਪੰਜਾਬ

ਪਟਿਆਲਾ, 24 ਅਕਤੂਬਰ 2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੰਸਾਰ ਦੀ ਕਲਿਆਣਤਾ ਅਤੇ ਸਰਬਪੱਖੀ ਵਿਕਾਸ ਲਈ ਅਰੰਭੇ ਮੁਕੰਮਲ ਇਨਕਲਾਬ ਅਤੇ ਸੰਪੂਰਨ ਕ੍ਰਾਂਤੀ ਨੂੰ ਹਰ ਪੱਧਰ ‘ਤੇ ਸਿਖਰ ਉੱਤੇ ਪਹੁੰਚਾਉਣ ਵਾਲੇ ਖਾਲਸਾ ਪੰਥ ਦੇ ਸਿਰਜਨਹਾਰੇ, ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤਿ ਦਿਵਸ ਉੱਤੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਚ ਸੀਸ ਨਿਵਾਕੇ ਪੂਰੀ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇਸ ਜਗਤ ਜਲੰਦੇ-ਭਵਸਾਗਰ ਤੋਂ ਪਾਰ ਉਤਰਨ ਲਈ ਸਤਿਗੁਰਾਂ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਕੇ ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣਾ ਲਈਏ।

ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕਰਕੇ ਸਮੁੱਚੀ ਮਾਨਵਤਾ ਨੂੰ ਸੱਚ ਦੇ ਰਾਹ ਦੇ ਪਾਂਧੀ ਬਣਾ ਕੇ ਸੰਦੇਸ਼ ਦਿੱਤਾ ਉੱਥੇ ਹੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਪਰਮਾਤਮਾ ਨੂੰ ਭਾਣਾ ਮੀਠਾ ਲਾਗੇ ਤੇਰਾ ਕਹਿ ਕੇ ਸਤਿਕਾਰ ਦਿੱਤਾ । ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਮੁਗਲਾਂ ਦੀ ਹਕੂਮਤ ਪਰਵਾਹ ਨਾ ਕਰਦਿਆਂ ਸ਼ਹਾਦਤਾਂ ਤਾ ਪਾ ਲਈਆਂ, ਪਰੰਤੂ ਈਨ ਨਹੀਂ ਮੰਨੀ।