ਰੋਸ਼ਨੀ ਤੇ ਆਜ਼ਾਦੀ ਦਾ ਤਿਉਹਾਰ — ਬੰਦੀ ਛੋੜ ਦਿਵਸ ਅਤੇ ਦਿਵਾਲੀ,ਆਪ ਸਭ ਨੂੰ ਬੰਦੀ ਛੋੜ ਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ 

ਨਿਊਜ਼ ਪੰਜਾਬ

21 ਅਕਤੂਬਰ 2025

*ਬੰਦੀ ਛੋੜ ਦਿਵਸ ਸਿੱਖ ਇਤਿਹਾਸ ਵਿੱਚ ਇਕ ਵਿਲਖਣ ਥਾਂ ਰਖਦਾ ਹੈ. ਇਹ ਦਿਨ ਨਾਂ ਸਿਰਫ ਸਿੱਖ ਗੁਰੂ ਸਾਹਿਬਾਨਾਂ ਦੇ ਪਰਉਪਕਾਰੀ ਸੁਭਾ ਨੂੰ ਦਰਸਾਉਂਦਾ ਹੈ ਬਲਕਿ ਸਿੱਖਾਂ ਨੂੰ ਰਾਜਸੀ ਅਤੇ ਮਨੁੱਖੀ ਹੱਕਾਂ ਲਈ ਡਟੇ ਰਹਿਣ ਦੀ ਪ੍ਰੇਰਣਾਂ ਵੀ ਦਿੰਦਾ ਹੈ।*

ਬੰਦੀ ਛੋੜ ਦਿਵਸ ਸਿੱਖ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਦਿਨ ਹੈ। ਇਹ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ। ਇਸ ਦਿਨ ਗੁਰੂ ਸਾਹਿਬ ਜੀ ਨੇ ਨਾ ਸਿਰਫ ਆਪਣੇ ਆਪ ਨੂੰ ਕੈਦ ਤੋਂ ਆਜ਼ਾਦ ਕਰਵਾਇਆ ਸੀ, ਸਗੋਂ 52 ਰਾਜਿਆਂ ਨੂੰ ਵੀ ਕੈਦ ਤੋਂ ਛੁਡਵਾਇਆ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਉਥੇ ਹੋਰ ਕਈ ਹਿੰਦੂ ਰਾਜੇ ਵੀ ਕੈਦ ਸਨ। ਗੁਰੂ ਸਾਹਿਬ ਜੀ ਦੀ ਧਾਰਮਿਕਤਾ, ਬੁੱਧੀਮਾਨੀ ਅਤੇ ਨਿਰਮਲ ਸੁਭਾਅ ਦੇ ਕਾਰਨ ਬਾਦਸ਼ਾਹ ਨੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਤਦ ਹੀ ਕਿਲ੍ਹੇ ਤੋਂ ਬਾਹਰ ਜਾਣਗੇ ਜਦੋਂ ਉਹਨਾਂ ਨਾਲ ਉਹ 52 ਰਾਜੇ ਵੀ ਰਿਹਾਅ ਕੀਤੇ ਜਾਣਗੇ।ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦੇ ਚੋਲੇ ਨਾਲ ਫੜੇ ਹੋਣਗੇ, ਉਹ ਹੀ ਰਿਹਾਅ ਹੋ ਸਕਣਗੇ। ਗੁਰੂ ਸਾਹਿਬ ਨੇ ਸਿੱਖਾਂ ਨੂੰ 52 ਕਲੀਆਂ ਵਾਲਾ ਚੋਲਾ ਤਿਆਰ ਕਰਨ ਦਾ ਹੁਕਮ ਕੀਤਾ ਅਤੇ ਸਾਰੇ ਰਾਜੇ ਗੁਰੂ ਸਾਹਿਬ ਦਾ ਪੱਲਾ ਫੜ ਕਿਲੇ ਤੋ ਬਾਹਰ ਆ ਗਏ।*

ਇਸ ਤੋਂ ਬਾਅਦ ਗੁਰੂ ਸਾਹਿਬ ਨੂੰ *ਦਾਤਾ ਬੰਦੀ ਛੋੜ* ਦੇ ਨਾਂ ਨਾਲ ਵਿੱਚ ਪੁਕਾਰਿਆਂ ਜਾਣ ਲੱਗਾ।

ਗੁਰੂ ਸਾਹਿਬ ਐਥੋਂ ਸੰਗਤਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਏ ਅਤੇ ਜਿਸ ਦਿਨ ਓਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁਚੇ ਤਾਂ ਉਸ ਦਿਨ ਦਿਵਾਲੀ ਵਾਲਾ ਦਿਨ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਰਿਹਾਈ ਅਤੇ ਓਹਨਾਂ ਦੇ ਦਰਸ਼ਨਾਂ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਘਰਾਂ ਵਿੱਚ ਘਿਓ ਅਤੇ ਤੇਲ ਦੇ ਦੀਵੇ ਜਗਾਏ।

ਇਸਤੋਂ ਬਾਅਦ ਸੰਗਤਾਂ ਨੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਆਰੰਭ ਕਰ ਦਿੱਤੀ ਜੋ ਹੁਣ ਤਕ ਚੱਲੀ ਆ ਰਹੀ ਹੈ ਓਥੇ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਗਵਾਲੀਅਰ ਦੀ ਕਿਲੇ ਵਿੱਚ ਗੁਰੂਦਵਾਰਾ ਦਾਤਾ ਬੰਦੀ ਛੋੜ ਸਾਹਿਬ ਬਣਿਆਂ ਹੋਇਆ ਹੈ।

👇👇👇👇👇👇👇👇👇

“ਦਿਵਾਲੀ” ਆਮ ਤੌਰ ‘ਤੇ ਹਿੰਦੂ ਅਤੇ ਸਿੱਖਾਂ ਦੇ ਸਾਂਝੇ ਤਿਉਹਾਂਰ ਵਜੋਂ ਪ੍ਰਚਲਤ ਹੈ।

ਇਸ ਦਿਨ ਨੂੰ *ਹਿੰਦੂ ਮਤ ਵਿਚ* ਲਕਸ਼ਮੀ ਪੂਜਨ ਭਾਵ ਮਾਇਆ ਪੂਜਨ ਦੇ ਤਿਉਹਾਂਰ ਵਜੋਂ ਅਤੇ ਹਿੰਦੂ ਮਿਥ ਅਨੁਸਾਰ ਇਸ ਦਿਨ ਨੂੰ ਰੋਸ਼ਨੀ ਦਾ ਦਿਨ ਵੀ ਆਖਿਆ ਜਾਂਦਾ ਹੈ, ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਆਪਣੀ ਪਤਨੀ ਸੀਤਾ ਮਾਤਾ ਨੂੰ ਛੁਡਵਾ ਕੇ ਲੰਕਾ ਦਹਨ ਕਰਨ ਉਪਰੰਤ ਜਦੋਂ ਅਯੁਧਿਆ ਵਾਪਿਸ ਆਏ ਸਨ ਤਾਂ ਰਾਜਾ ਰਾਮ ਚੰਦਰ ਜੀ ਦੀ ਪਰਜਾ ਵੱਲੋਂ ਮਹਾਂਨ ਜਿੱਤ ਦੀ ਖੁਸ਼ੀ ਵਿਚ ਘਰਾਂ ਤੇ ਦੀਵੇ ਬਾਲ ਕੇ ਰੋਸ਼ਨੀ ਕੀਤੀ ਗਈ ਅਤੇ ਪਟਾਕੇ ਚਲਾਕੇ ਖੁਸ਼ੀ ਦਾ ਇਜਹਾਰ ਕੀਤਾ ਸੀ। ਉਸ ਦਿਨ ਤੋ ਇਹ ਦਿਨ ਜਿਥੇ ਲਕਸ਼ਮੀ ਪੂਜਾ ਦਾ ਦਿਨ ਸੀ ਨਾਲ ਹਰ ਸਾਲ ਜਿਵੇ ਲੰਕਾ ਸੜਨ ਅਤੇ ਸ੍ਰੀ ਰਾਵਣ ਦੇ ਦੇ ਅੰਤ ਨੂੰ ਯਾਦ ਕਰਦਿਆਂ ਦੁਸਿਹਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਓਵੇ ਇਹ ਦਿਨ ਅਯੁਧਿਆ ਵਾਪਸੀ ਵਜੋਂ ਮਨਾਉਣ ਇੱਕ ਰੀਤ ਬਣ ਗਈ ਹੈ । ਇਹ ਦਿਨ ਕਤਕ ਦੀ ਮਸਿਆ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ।