ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਹਤ ਭਰੀ ਖ਼ਬਰ,ਤਰਸੇਮ ਜੱਸੜ ਨੇ ਦਿੱਤੀ ਜਾਣਕਾਰੀ; ਪੋਸਟ ਸਾਂਝੀ ਕਰਕੇ ਲੋਕਾਂ ਨੂੰ ਕੀਤੀ ਅਪੀਲ

ਨਿਊਜ਼ ਪੰਜਾਬ

28 ਸਤੰਬਰ 2025

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਐਕਸੀਡੈਂਟ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮੋਟਰਸਾਈਕਲ ‘ਤੇ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ, ਜਦੋਂ ਇਹ ਦੁਰਘਟਨਾ ਵਾਪਰੀ। ਇਸ ਭਿਆਨਕ ਹਾਦਸੇ ‘ਚ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਵੰਦਾ ਦੀ ਸਿਹਤ ‘ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ। ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ-

”ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡਾ ਭਰਾ ਰਾਜਵੀਰ ਜਵੰਦਾ ਹਸਪਤਾਲ ‘ਚ ਹੈ, ਕੱਲ ਨਾਲੋਂ ਥੋੜ੍ਹਾ ਸੁਧਾਰ ਹੋਇਆ…ਸਾਰਿਆਂ ਦੀ ਅਸੀਸਾਂ ਨਾਲ। ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿਪ੍ਰਾ ਕਰਕੇ ਕੋਈ ਵੀ ਫੇਕ ਨਿਊਜ਼ ਜਾਂ ਗੱਲ ਨਾ ਕੀਤੀ ਜਾਵੇ।”

ਇਸ ਤੋਂ ਅੱਗੇ ਤਰਸੇਮ ਜੱਸੜ ਨੇ ਲਿਖਿਆ ਹੈ ਕਿ, ”ਇਕ ਮੇਰੇ ਵੱਲੋਂ ਸਭ ਨੂੰ ਹੱਥ ਜੋੜ ਕੇ ਬੇਨਤੀ… ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਸੋ ਸਾਰੇ ਰਲ ਕੇ ਜੋ ਵੀ ਪਾਠ ਕਰ ਸਕਦੇ ਹੋ ਤੇ ਅਰਦਾਸ ਕਰ ਸਕਦੇ ਹੋ ਜ਼ਰੂਰ ਕਰੋ ਕਿ ਸਾਡਾ ਵੀਰ ਜਲਦੀ ਸੁਧਾਰ ਹੋ ਕੇ ਘਰ ਆਵੇ। ਵਾਹਿਗੁਰੂ ਕਿਪ੍ਰਾ ਕਰਨ।”