ਖੇਤੀਬਾੜੀ ਨੂੰ ਕਾਰੋਬਾਰੀ ਲੀਹਾਂ ਤੇ ਤੋਰਨ ਦੇ ਸੱਦੇ ਨਾਲ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋਇਆ
ਲੁਧਿਆਣਾ 26 ਸਤੰਬਰ, 2025 – ( ਆਰ ਐਸ ਖ਼ਾਲਸਾ ) ਪੀ.ਏ.ਯੂ. ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਅੱਜ ਹਾੜੀ ਦੀਆਂ ਫਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ|
ਖੇਤੀ ਉਤਪਾਦਨ ਨੂੰ ਕਾਰੋਬਾਰੀ ਦਿਸ਼ਾ ਵਿਚ ਤੋਰਨ ਦੇ ਉਦੇਸ਼ ਨਾਲ ਇਸ ਮੇਲੇ ਦਾ ਥੀਮ ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ ਰੱਖਿਆ ਗਿਆ ਹੈ| ਮੇਲੇ ਵਿਚ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ| ਕਿਸਾਨਾਂ ਨੇ ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ, ਸਬਜ਼ੀਆਂ ਦੀਆਂ ਕਿੱਟਾਂ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਉਤਸ਼ਾਹ ਦਿਖਾਇਆ| ਮੰਚ ਤੇ ਚਲੰਤ ਖੇਤੀ ਮਸਲਿਆਂ ਬਾਰੇ ਅਨੇਕ ਸਵਾਲ ਕਿਸਾਨਾਂ ਵੱਲੋਂ ਪੁੱਛੇ ਗਏ ਸਨ, ਜਿਨ੍ਹਾਂ ਦਾ ਜਵਾਬ ਪੀ.ਏ.ਯੂ. ਦੇ ਮਾਹਿਰਾਂ ਨੇ ਵਿਸਥਾਰ ਨਾਲ ਦਿੱਤਾ| 
ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਸਨ| ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਖੇਤੀ ਅਰਥ ਸ਼ਾਸਤਰੀ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਅਤੇ ਪਨਸੀਡ ਦੇ ਚੇਅਰਮੈਨ ਸ. ਮਹਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ| ਉਹਨਾਂ ਨਾਲ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ ਅਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਡਾ. ਦਵਿੰਦਰ ਸਿੰਘ ਚੀਮਾ, ਸ਼੍ਰੀ ਅਮਰਜੀਤ ਸਿੰਘ ਢਿੱਲੋਂ ਅਤੇ ਡਾ. ਅਸ਼ੋਕ ਕੁਮਾਰ ਵੀ ਮੰਚ ਦੇ ਮੌਜੂਦ ਰਹੇ| 
ਸ਼੍ਰੀ ਹਰਚੰਦ ਸਿੰਘ ਬਰਸਟ ਨੇ ਆਪਣੇ ਮੁੱਖ ਭਾਸ਼ਣ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਤੇ ਦਿਨੀਂ ਆਏ ਹੜ੍ਹਾਂ ਦੇ ਬਾਵਜੂਦ ਐਨੀ ਭਾਰੀ ਗਿਣਤੀ ਵਿਚ ਮੇਲੇ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਮੁੜ ਉਸਾਰੀ ਪੰਜਾਬੀਆਂ ਦੀ ਖਸਲਤ ਹੈ ਅਤੇ ਪੰਜਾਬੀ ਹਰ ਸੰਕਟ ਤੋਂ ਬਾਅਦ ਦੂਣ ਸਵਾਏ ਹੋ ਕੇ ਇਕ ਦੂਜੇ ਨਾਲ ਖੜਦੇ ਰਹੇ ਹਨ| ਸ਼੍ਰੀ ਬਰਸਟ ਨੇ ਮੌਜੂਦਾ ਖੇਤੀ ਯੁੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਵੀਂ ਤਕਨੀਕ ਅਤੇ ਨਵੀਆਂ ਖੋਜਾਂ ਨੂੰ ਲਾਗੂ ਕਰਨ ਦਾ ਦੌਰ ਹੈ| ਪੀ.ਏ.ਯੂ. ਨੇ ਇਤਿਹਾਸਕ ਤੌਰ ਤੇ ਬੜੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਖੇਤੀ ਚੁਣੌਤੀਆਂ ਦੇ ਸਾਹਮਣੇ ਕਿਸਾਨੀ ਸਮਾਜ ਦੀ ਅਗਵਾਈ ਦੀ ਜ਼ਿੰਮੇਵਾਰੀ ਵੀ ਪੀ.ਏ.ਯੂ. ਕੋਲ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਨਾ ਸਿਫਰ ਨਵੀਆਂ ਖੋਜਾਂ ਅਤੇ ਉਤਪਾਦਨ ਤਕਨਾਲੋਜੀਆਂ ਈਜਾਦ ਕੀਤੀਆਂ ਬਲਕਿ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਅਣਥੱਕ ਪਸਾਰ ਕਾਰਜ ਵੀ ਕੀਤਾ| ਸ਼੍ਰੀ ਬਰਸਟ ਨੇ ਕਿਹਾ ਕਿ ਇਸੇ ਦੇ ਨਤੀਜੇ ਵਜੋਂ ਪੰਜਾਬ ਖੇਤੀ ਉਤਪਾਦਨ ਪੱਖੋਂ ਦੁਨੀਆਂ ਦੀ ਸਭ ਤੋਂ ਭਰਪੂਰ ਧਰਤੀ ਹੈ| ਉਹਨਾਂ ਬੀਤੇ ਦਿਨੀਂ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਨੂੰ ਮੰਦਭਾਗਾ ਕਹਿੰਦਿਆਂ ਮੁੜ ਵਸੇਬੇ ਦੀ ਚੁਣੌਤੀ ਬਾਰੇ ਗੱਲ ਕੀਤੀ| ਸ਼੍ਰੀ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲਿਹਾਜ਼ ਨਾਲ ਪੀ.ਏ.ਯੂ. ਦੇ ਸਹਿਯੋਗ ਲਈ ਤਿਆਰ ਹੈ ਅਤੇ ਖੇਤੀ ਖੋਜ ਦੇ ਖੇਤਰ ਵਿਚ ਨਿਰਵਿਘਨ ਕਾਰਜ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ| ਸ਼੍ਰੀ ਬਰਸਟ ਨੇ ਖੇਤੀ ਵਿਚ ਆਤਮ ਨਿਰਭਰਤਾ ਵਧਾਉਣ ਅਤੇ ਖਰਚੇ ਘਟਾਉਣ ਦੇ ਮੰਤਵ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਰਸੋਈ ਬਗੀਚੀ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਸਹਾਇਕ ਧੰਦੇ ਅੱਜ ਦੀ ਖੇਤੀ ਵਿਚ ਮੁਨਾਫੇ ਦਾ ਰਸਤਾ ਹਨ ਅਤੇ ਪੀ.ਏ.ਯੂ. ਮਾਹਿਰਾਂ ਦੇ ਸੁਝਾਅ ਅਨੁਸਾਰ ਕਿਸਾਨਾਂ ਨੂੰ ਆਪਣੇ ਕਾਰ-ਵਿਹਾਰ ਸੌਂਪਣੇ ਚਾਹੀਦੇ ਹਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਨੇ ਪਿਛਲੇ 63 ਸਾਲਾਂ ਵਿਚ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਹੀ ਨਹੀਂ ਬਣਾਇਆ ਬਲਕਿ ਇਸਨੇ ਉੱਤਰੀ ਭਾਰਤ ਨੂੰ 7 ਹੋਰ ਯੂਨੀਵਰਸਿਟੀਆਂ ਦਿੱਤੀਆਂ| ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਦਾ ਹਵਾਲਾ ਦਿੰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸੱਤ ਜ਼ਿਲ੍ਹਿਆਂ ਦੇ ਕਰੀਬਨ 5 ਲੱਖ ਏਕੜ ਰਕਬੇ ਵਿਚ ਖੜੀ ਫਸਲ ਦਾ ਨੁਕਸਾਨ ਹੋਇਆ ਹੈ| ਇਹੀ ਨਹੀਂ ਉਸ ਫਸਲ ਨੂੰ ਨਜਿੱਠਣ ਅਤੇ ਜ਼ਮੀਨ ਵਿਚ ਵਹਿ ਕੇ ਆਈ ਰੇਤ, ਗਾਰ ਅਤੇ ਚੀਕਣੀ ਮਿੱਟੀ ਦੀ ਪਰਖ ਦਾ ਮੁੱਦਾ ਵੀ ਅਹਿਮ ਹੈ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਇਸ ਸੰਬੰਧ ਵਿਚ ਲਗਾਤਾਰ ਪ੍ਰੀਖਣ ਕਰ ਰਹੀ ਹੈ ਅਤੇ ਜਲਦ ਹੀ ਕਿਸਾਨਾਂ ਨੂੰ ਇਸ ਸੰਬੰਧੀ ਢੁੱਕਵੀਆਂ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ| ਉਹਨਾਂ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਬੀਜ ਦਾ ਪ੍ਰਬੰਧ ਕਰਨ ਵਾਸਤੇ ਵੀ ਪੀ.ਏ.ਯੂ. ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ|
ਕਿਸਾਨ ਮੇਲਿਆਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਸਿਰਫ ਪੰਜਾਬ ਦੀ ਹੀ ਨਹੀਂ ਬਲਕਿ ਉੱਤਰੀ ਭਾਰਤ ਦੀ ਖੇਤੀ ਅਤੇ ਕਿਸਾਨੀ ਲਈ ਰਾਹ ਦਿਸੇਰੇ ਸਾਬਿਤ ਹੁੰਦੇ ਹਨ| ਕਿਸਾਨ ਯੂਨੀਵਰਸਿਟੀ ਉੱਪਰ ਭਰੋਸਾ ਪ੍ਰਗਟਾ ਕੇ ਇੱਥੋਂ ਬੀਜ, ਪੌਦੇ, ਖੇਤੀ ਸਾਹਿਤ ਖ੍ਰੀਦਣ ਆਉਂਦੇ ਹਨ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਭਰੇ-ਭਕੁੰਨੇ ਵਾਪਸ ਪਰਤਦੇ ਹਨ| ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਉਤਪਾਦਨ ਦੇ ਨਾਲ-ਨਾਲ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਪੀ.ਏ.ਯੂ. ਪ੍ਰੋਸੈਸਿੰਗ, ਮੁੱਲਵਾਧੇ ਅਤੇ ਮੰਡੀਕਰਨ ਸੰਬੰਧੀ ਵਿਸ਼ਵ ਪੱਧਰੀ ਧਾਰਨਾਵਾਂ ਦਾ ਅਧਿਐਨ ਕਰ ਰਹੀ ਹੈ| ਉਹਨਾਂ ਨੇ ਖਾਦਾਂ ਦਾ ਖਰਚ ਘਟਾਉਣ ਲਈ ਹਰੀ ਖਾਦ ਉੱਪਰ ਜ਼ੋਰ ਦਿੰਦਿਆਂ ਪੀ.ਏ.ਯੂ. ਵੱਲੋਂ ਜੀਵਾਣੂੰ ਖਾਦਾਂ, ਸੌਰ ਊਰਜਾ, ਤੁਪਕਾ ਸਿੰਚਾਈ ਅਤੇ ਪਰਾਲੀ ਦੀ ਸੰਭਾਲ ਲਈ ਕੰਬਾਈਨ ਨਾਲ ਜੋੜੀ ਡਰਿੱਲ ਤਕਨਾਲੋਜੀ ਦਾ ਵਰਣਨ ਕੀਤਾ| ਨਾਲ ਹੀ ਉਹਨਾਂ ਨੇ ਡਿਜ਼ੀਟਲ ਖੇਤੀਬਾੜੀ ਅਤੇ ਸੈਂਸਰ ਅਧਾਰਿਤ ਖੇਤੀ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਸਵੈ ਸੰਚਾਲਿਤ ਟਰੈਕਟਰ ਬਾਰੇ ਗੱਲ ਕੀਤੀ| ਵਾਈਸ ਚਾਂਸਲਰ ਨੇ ਪੰਜਾਬ ਦੇ ਰੰਗਲੇ ਭਵਿੱਖ ਲਈ ਆਉਂਦੀਆਂ ਪੀੜੀਆਂ ਨੂੰ ਖੇਤੀ ਨਾਲ ਜੋੜਨ ਦਾ ਸੁਨੇਹਾ ਦੇ ਕੇ ਆਪਣਾ ਭਾਸ਼ਣ ਸਮਾਪਤ
