ਪੰਜਾਬ ਸਰਕਾਰ ਵੱਲੋਂ ਰੇਲਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਦਿਸ਼ਾ ਨਿਰਦੇਸ਼ ਜਾਰੀ – ਸਿਰਫ਼ ਪ੍ਰਮਾਣਿਤ ਟਿਕਟਾਂ ਵਾਲੇ ਯਾਤਰੀ ਹੀ ਰੇਲਵੇ ਪਲੇਟਫਾਰਮ ਵਿੱਚ ਦਾਖ਼ਲ ਹੋਣ

ਸਾਰੇ ਯਾਤਰੀਆਂ ਕੋਲ ਪ੍ਰਮਾਣਿਕ ਆਈ.ਡੀ. ਪਰੂਫ ਹੋਵੇ ਅਤੇ ਉਨ੍ਹਾਂ ਨੂੰ ਸਵੈ ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ
ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਯਾਤਰੀਆਂ ਨੂੰ ਜਾਂਚ ਲਈ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ
ਨਿਊਜ਼ ਪੰਜਾਬ
ਚੰਡੀਗੜ੍ਹ, 28 ਮਈ:ਪੰਜਾਬ ਸਰਕਾਰ ਵੱਲੋਂ ਅੱਜ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਾਰੇ ਯਾਤਰੀਆਂ ਲਈ  ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ।ਬੇਲੋੜੀ ਭੀੜ ਤੋਂ ਬਚਣ ਲਈ ਸਿਰਫ਼ ਪ੍ਰਮਾਣਿਤ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫਾਰਮ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ । ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਅਜਿਹੇ ਸਾਰੇ ਯਾਤਰੀਆਂ ਦੀ ਪਲੇਟਫਾਰਮ ਵਿਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਯਾਤਰੀ ਰੇਲਗੱਡੀ ਦੇ ਰਵਾਨਾ ਹੋਣ ਦੇ ਸਮੇਂ ਤੋਂ 45 ਮਿੰਟ ਪਹਿਲਾਂ ਪਹੁੰਚਣਗੇ।
ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਲੱਛਣ ਨਾ ਪਾਏ ਜਾਣ ਵਾਲੇ ਯਾਤਰੀ ਰੇਲ ਗੱਡੀਆਂ ਵਿਚ ਸਵਾਰ ਹੋ ਸਕਦੇ ਹਨ ਅਤੇ ਸਾਰੇ ਯਾਤਰੀਆਂ ਕੋਲ ਇਕ ਪ੍ਰਮਾਣਿਕ ਆਈ.ਡੀ. ਪਰੂਫ (ਆਧਾਰ ਕਾਰਡ / ਡਰਾਇਵਿੰਗ ਲਾਇਸੈਂਸ / ਵੋਟਰ ਕਾਰਡ / ਸਰਕਾਰੀ ਵੱਲੋਂ ਜਾਰੀ ਕੋਈ ਹੋਰ  ਆਈ.ਡੀ. ਪਰੂਫ) ਹੋਵੇ ਅਤੇ ਉਨ੍ਹਾਂ ਨੂੰ ਸਕਰੀਨਿੰਗ  ਲਈ ਨਿਯੁਕਤ ਕੀਤੀ ਸਿਹਤ ਟੀਮ ਨੂੰ ਸਵੈ ਘੋਸ਼ਣਾ ਪੱਤਰ ਜਮ੍ਹਾ ਕਰਵਾਉਣਾ ਹੋਵੇਗਾ ਜਿਸ ਵਿਚ ਨਾਮ, ਉਮਰ, ਪਤਾ, ਮੋਬਾਈਲ ਨੰਬਰ ਅਤੇ ਲੱਛਣਾਂ ਦੀ ਜਾਂਚ ਸੂਚੀ ਆਦਿ ਵੇਰਵੇ ਦਰਜ ਕੀਤੇ ਜਾਣਗੇ। ਰੇਲਵੇ ਸਟੇਸ਼ਨ ’ਤੇ ਇਕ ਕਮਰਾ ਹੋਵੇਗਾ ਜਿੱਥੇ ਸਿਹਤ ਟੀਮ ਵਿਅਕਤੀਆਂ ਦੀ ਜਾਂਚ ਕਰੇਗੀ।
ਬੁਲਾਰੇ ਨੇ ਦੱਸਿਆ ਕਿ ਸਬੰਧਤ ਜ਼ਿਲ੍ਹਿਆਂ ਦੀ ਹਰੇਕ ਨਿਗਰਾਨੀ ਟੀਮ ਕੋਲ ਰੇਲਗੱਡੀ ਰਾਹੀਂ ਉਨ੍ਹਾਂ ਦੇ ਖੇਤਰ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਪੂਰੀ ਲਾਈਨ ਸੂਚੀ ਹੋਵੇ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਘਰੇਲੂ ਇਕਾਂਤਵਾਸ ਵਿੱਚ ਰੱਖਿਆ ਜਾਣਾ ਯਕੀਨੀ ਬਣਾਇਆ ਜਾਵੇ (ਅਕਸਰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ)।ਸਾਰੀਆਂ ਨਿਗਰਾਨੀ ਟੀਮਾਂ ਕੋਲ ਲਾਜ਼ਮੀ ਤੌਰ ’ਤੇ ਉਨ੍ਹਾਂ ਦੇ ਖੇਤਰ ਵਿਚ ਅਕਸਰ ਆਉਣ ਵਾਲੇ ਯਾਤਰੀਆਂ, ਜਿਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸਨ ਦੁਆਰਾ ਪਾਸ ਜਾਰੀ ਕੀਤੇ ਗਏ ਹਨ, ਦੀ ਸੂਚੀ ਹੋਣੀ ਚਾਹੀਦੀ ਹੈ ਅਤੇ ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਜੋ ਚਲਦੀ ਰਹਿਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਯਾਤਰੀਆਂ ਨੂੰ ਜਾਂਚ ਲਈ ਸਿਹਤ ਸਹੂਲਤਾਂ ਵਿੱਚ ਲਿਜਾਇਆ ਜਾਵੇਗਾ।ਪਾਜ਼ੇਟਿਵ ਪਾਏ ਜਾਣ ’ਤੇ ਸਿਹਤ ਪੋ੍ਰਟੋਕੋਲ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਜਿਨ੍ਹਾਂ ਵਿਅਕਤੀਆਂ ਵਿੱਚ ਲੱਛਣ ਨਹੀਂ ਪਾਏ ਜਾਂਦੇ ਜਾਂ ਨੈਗੇਟਿਵ ਪਾਏ ਜਾਂਦੇ ਹਨ, ਉਨ੍ਹਾਂ ਨੂੰ 14 ਦਿਨਾਂ ਦੇ ਘਰੇਲੂ ਇਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ ਦੀ ਸਵੈ ਨਿਗਰਾਨੀ ਸਬੰਧੀ ਸਵੈ ਘੋਸ਼ਣਾ ਦੇਣ ਤੋਂ ਬਾਅਦ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੋਵਿਡ-19 ਦਾ ਕੋਈ ਵੀ ਲੱਛਣ ਦਿਖਾਈ ਦੇਣ ’ਤੇ ਨੇੜਲੀ ਸਿਹਤ ਸੰਸਥਾ ਨੂੰ ਲਾਜ਼ਮੀ ਤੌਰ ’ਤੇ ਸੂਚਿਤ ਕਰਨਾ ਹੋਵੇਗਾ।
ਬੁਲਰੇ ਨੇ ਸਪੱਸ਼ਟ ਕੀਤਾ ਕਿ ਅੰਤਰ ਰਾਜੀ ਸਫ਼ਰ ਕਰਨ ਵਾਲੇ ਜਿਨ੍ਹਾਂ ਨੂੰ ਅਕਸਰ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਹੈ ਜਿਵੇਂ ਐਮਪੀ,ਐਮਐਲਏ,ਵਿਕਰੇਤਾ,ਟਰਾਂਸਪੋਰਟਰ, ਪੱਤਰਕਾਰ,ਡਾਕਟਰ, ਐਗਜ਼ੀਕਿਊਟਿਵ, ਇੰਜਨੀਅਰ, ਵਪਾਰੀ ਅਤੇ ਸਲਾਹਕਾਾਰ ਆਦਿ ਨੂੰ ਘਰ ਵਿਚ ਕੁਅਰੰਟਾਈਨ ਕਰਨ ਦੀ ਲੋੜ ਨਹੀਂ ਹੈ।ਡਿਪਟੀ ਕਮਿਸ਼ਨਰ ਤੇ ਸਬ-ਡਵੀਜ਼ਨਲ ਮੈਜਿਸਟਰੇਟ ਅਜਿਹੇ ਵਿਅਕਤੀਆਂ ਨੂੰ ਪਾਸ ਜਾਰੀ ਕਰਨਗੇ ਜੋ ਆਪਣੀ ਸਿਹਤ ਦੀ ਸਵੈ ਨਿਗਰਾਨੀ ਸਬੰਧੀ ਸਵੈ ਘੋਸ਼ਣਾ ਦੇਣਗੇ ਅਤੇ ਕੋਵਿਡ ਦਾ ਕੋਈ ਵੀ ਲੱਛਣ ਦਿਖਾਈ ਦੇਣ ’ਤੇ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ। ਅਜਿਹੇ  ਯਾਤਰੀ ਜਿਨ੍ਹਾਂ ਕੋਲ  ਘਰੇਲੂ ਕੁਆਰੰਟੀਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਸੀ ਦੀ ਟਿਕਟ ਹੈ ਤਾਂ ਉਨ੍ਹਾਂ ਨੂੰ ਕੋਈ ਲੱਛਣ ਨਾ ਪਾਏ ਜਾਣ ’ਤੇ ਰੇਲਗੱਡੀਆਂ ਵਿੱਚ ਸਵਾਰ ਹੋਣ ਦੀ ਆਗਿਆ ਦੇ ਦਿੱਤੀ ਜਾਵੇਗੀ। ਜੇ ਅਜਿਹੇ ਵਿਅਕਤੀ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਸਦੀ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਜਾਂਚ ਅਤੇ ਇਲਾਜ ਕੀਤਾ ਜਾਵੇਗਾ।
———