ਲੇਬਰ ਦੀ ਘਾਟ ਦੇ ਮੱਦੇ ਨਜਰ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਬੇਹਤਰ ਬਦਲ- ਡਾ. ਸੁਰਿੰਦਰ ਸਿੰਘ
ਨਿਊਜ਼ ਪੰਜਾਬ
ਨਵਾਂਸ਼ਹਿਰ, 28 ਮਈ-
ਕਰੋਨਾ ਵਾਇਰਸ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਲੁਆਈ ਲਈ ਲੇਬਰ ਦੀ ਸੰਭਾਵੀ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਕ ਨਵਾਂਸ਼ਹਿਰ ਵਿੱਚ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਨਵਾਂਸ਼ਹਿਰ ਦੇ ਪਿੰਡ ਸਲੋਹ ਦੀ ਸਹਿਕਾਰੀ ਸਭਾ ਦੀ ਕਣਕ ਬੀਜਣ ਵਾਲੀ ਜ਼ੀਰੋ ਟਿੱਲ ਡਰਿੱਲ ਵਿੱਚ ਕੁੱਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਪ੍ਰੀਖਣ ਸਫਲਤਾ ਪੁਰਵਕ ਕੀਤਾ ਗਿਆ।
ਇਸ ਮੌਕੇ ’ਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ, ਕੋਰੋਨਾ ਵਾਇਰਸ ਦੇ ਚਲਦੀਆਂ ਝੋਨੇ ਦੀ ਲੁਆਈ ਸਮੇਂ ਆਣ ਵਾਲੀ ਲੇਬਰ ਦੀ ਸੰਭਾਵੀ ਘਾਟ ਦਾ ਬੇਹਤਰ ਬਦਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨ ਆਪਣੀ ਜ਼ਮੀਨ ਦੀ ਵਿਉਂਤਬੰਦੀ ਕਰਨ।
ਉਨ੍ਹਾਂ ਨੇ ਦੱਸਿਆ ਕਿ ਝੋਨਾ ਬੀਜਣ ਵਾਲੀਆਂ ਡਰਿੱਲਾਂ ਦੀ ਘਾਟ ਕਾਰਨ ਸੱਕਤਰ ਖੇਤੀਬਾੜੀ ਵਿਭਾਗ ਸ਼੍ਰੀ ਕਾਹਨ ਸਿੰਘ ਪਨੂੰ ਦੇ ਨਿਰਦੇਸ਼ਾਂ ਤੇ ਸਹਕਾਰੀ ਸਭਾ ਪਿੰਡ ਸਲੋਹ ਦੀ ਕਣਕ ਬੀਜਣ ਵਾਲੀ ਜੀਰੋ ਟਿੱਲ ਡਰਿੱਲ ਵਿੱਚ ਕੁੱਝ ਤਬਦੀਲੀਆਂ ਕਰਕੇ ਝੋਨਾ ਬੀਜਣ ਦਾ ਪ੍ਰੀਖਣ ਕੀਤਾ ਗਿਆ, ਜੋ ਕਿ ਬਹੁਤ ਸਫਲ ਰਿਹਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਹਨ,ਉਹ ਕਿਸਾਨ ਆਪਣੀਆਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਵਿੱਚ ਹੀ ਕੁੱਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਦੀਨ ਨਾਸ਼ਕਾਂ ਦਾ ਛਿੜਕਾਅ ਸ਼ਾਮ ਸਮੇਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ ਤਰ ਵੱਤਰ ਖੇਤ ਵਿੱਚ ਹੀ ਕੀਤੀ ਜਾਵੇ ਅਤੇ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-10 ਘੰਟੇ ਤੱਕ ਪਾਣੀ ਵਿੱਚ ਭਿਓ ਕੇ ਛਾਵੇਂ ਸੁੱਕਾ ਕੇ ਊਲੀਨਾਸ਼ਕ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ। ਬਿਜਾਈ ਤੋਂ 21 ਦਿਨਾਂ ਬਾਅਦ ਹੀ ਪਾਣੀ ਲਾਉਣਾ ਚਾਹੀਦਾ ਹੈ ਤਾਂ ਕਿ ਨਦੀਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਬਹੁਤ ਸਾਰੇ ਕਿਸਾਨ ਇਸ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਜੋ ਕਿਸਾਨ ਇਸ ਵਿਧੀ ਨਾਲ ਪਹਿਲੀ ਵਾਰ ਬਿਜਾਈ ਕਰ ਰਹੇ ਹਨ, ਉਨ੍ਹਾਂ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਜਰੂਰੀ ਹੈ।
ਮੌਕੇ ’ਤੇ ਡਾ. ਸੁਸ਼ੀਲ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ, ਡਾ. ਰਾਜ ਕੁਮਾਰ ਏ.ਡੀ.ਓ (ਇਨਫੋ.), ਡਾ. ਕੁਲਵਿੰਦਰ ਕੌਰ ਏ.ਡੀ.ਓ (ਨਵਾਂਸ਼ਹਿਰ), ਜ਼ਿਲ੍ਹੇ ਦੇ ਖੇਤੀਬਾੜੀ ਇੰਜੀਨੀਅਰ ਚੰਦਨ ਸ਼ਰਮਾ, ਸੰਦੀਪ ਗੰਗੜ ਏ.ਟੀ.ਐਮ. ਅਤੇ ਸ਼੍ਰੀ ਗੁਰਪ੍ਰੀਤ ਸਿੰਘ ਸੈਕਟਰੀ ਪਿੰਡ ਸਲੋਹ ਸਮੇਤ ਕਈ ਕਿਸਾਨ ਹਾਜ਼ਰ ਸਨ।