ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਗੁਰਿੰਦਰ ਦੀ ਅਦਾਲਤ ਵੱਲੋ ਅਪੀਲ ਖ਼ਾਰਜ

 

*ਦੋਸ਼ੀ ਨੂੰ ਭੇਜਿਆ ਜੇਲ੍ਹ-ਐਡਵੋਕੇਟ ਜਸਪਾਲ ਸਿੰਘ ਮੰਝਪੁਰ*

ਲੁਧਿਆਣਾ, ੨੭ ਅਗਸਤ ੨੦੨੫: (ਆਰ. ਐਸ. ਖਾਲਸਾ ) ਲੁਧਿਆਣਾ ਦੇ ਪਿੰਡ ਦਾਦ ਦੀ ਕਲੋਨੀ ਪਾਲਮ ਵਿਹਾਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ੧੨ ਫਰਵਰੀ ੨੦੧੯ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ੍ਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਲੋਨੀ ਦੇ ਹੀ ਵਾਸੀ ਗੁਰਿੰਦਰ ਪੁੱਤਰ ਸੋਹਣ ਸਿੰਘ ਦੀ ਅਪੀਲ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਮੈਡਮ ਸਰੂ ਮਹਿਤਾ ਕੌਸ਼ਿਕ ਵੱਲੋਂ ਖ਼ਾਰਜ ਕਰ ਦਿੱਤੀ ਗਈ ਹੈ ਤੇ ਗੁਰਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਬਾਕੀ ਰਹਿੰਦੀ ਸਜ਼ਾ ਭੁਗਤਣ ਲਈ ਕੇਂਦਰੀ ਜੇਲ ਲੁਧਿਆਣਾ ਭੇਜ ਦਿੱਤਾ ਹੈ। ਇਸ ਸੰਬੰਧੀ ਲੁਧਿਆਣਾ ਦੇ ਥਾਣਾ ਸਦਰ ਵਿੱਚ ਮੁਕੱਦਮਾ ਨੰਬਰ ੧੪/੨੦੧੯ ਅਧੀਨ ਧਾਰਾ ੨੯੫-ਏ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਜਲ ਸਿੰਘ ਵੱਲੋਂ ਦਰਜ਼ ਕਰਵਾਇਆ ਗਿਆ ਸੀ।ਕੇਸ ਦੀ ਮੁੱਦਈ ਪੱਖ ਤੋਂ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਦੱਸਿਆ ਕਿ ਗੁਰਿੰਦਰ ਜੋ ਕਿ ਅੱਡਾ ਜੋਧਾਂ ਵਿਚ ਦੁਕਾਨ ਕਰਦਾ ਸੀ, ਨੂੰ ਬੇਅਦਬੀ ਤੋਂ ਬਾਦ ਸੀਸੀਟੀਵੀ ਕੈਮਰਿਆਂ ਰਾਹੀਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਰਾਜਵਿੰਦਰ ਕੌਰ ਜੁਡੀਸ਼ੀਅਲ ਮੈਜਿਸਟਰੇਟ ਅਵੱਲ ਦਰਜਾ ਲੁਧਿਆਣਾ ਨੇ ੬ ਫ਼ਰਵਰੀ ੨੦੨੪ ਨੂੰ ਧਾਰਾ ੨੯੫-ਏ ਵਿਚ ੬ ਮਹੀਨੇ ਕੈਦ ਤੇ ੩੦੦੦/- ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜਿਸ ਦੀ ਮੌਕਾ ਪਰ ਜ਼ਮਾਨਤ ਮਿਲਣ ਤੋਂ ਬਾਦ ਗੁਰਿੰਦਰ ਨੇ ਸੈਸ਼ਨਜ਼ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆ ਅਦਾਲਤ ਨੇ ਗੁਰਿੰਦਰ ਦੀ ਅਪੀਲ ਖਾਰਜ ਕਰਦਿਆਂ ੬ ਮਹੀਨੇ ਦੀ ਸਜ਼ਾ ਬਰਕਰਾਰ ਰੱਖੀ ਹੈ।

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਗੁਰਿੰਦਰ ਇਕ ਨਾਸਤਿਕ ਬੰਦਾ ਸੀ ਜਿਸ ਨੇ ਮੰਦ ਭਾਵਨਾ ਤਹਿਤ ਇਹ ਕੁਕਰਮ ਕੀਤਾ ਸੀ ਤੇ ਆਪਣੇ ਕੁਕਰਮ ਤੋਂ ਮੁਕਰਨ ਲਈ ਉਸਨੇ ਮਾਨਸਿਕ ਪਰੇਸ਼ਾਨ ਹੋਣ ਦਾ ਬਹਾਨਾ ਲਗਾਇਆ ਸੀ ਪਰ ਅਦਾਲਤ ਨੇ ਉਸ ਦੇ ਇਸ ਬਹਾਨੇ ਨੂੰ ਦਰਕਿਨਾਰ ਕਰਕੇ ਸਜ਼ਾ ਸੁਣਾਈ ।

ਤਸਵੀਰ : ਸੰਕੇਤਕ