ਨਿਊਜ਼ ਪੰਜਾਬ
27 ਅਗਸਤ 2025
ਪੰਜਾਬ ਇਸ ਸਮੇਂ ਹੜ੍ਹਾਂ ਅਤੇ ਮੀਂਹ ਦੀ ਲਪੇਟ ਵਿੱਚ ਹੈ। ਨਦੀਆਂ ਭਰ ਗਈਆਂ ਹਨ ਅਤੇ ਪਿੰਡ ਡੁੱਬ ਰਹੇ ਹਨ। ਪਠਾਨਕੋਟ ਵਿੱਚ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ ਅਤੇ ਪਿੰਡਾਂ ਵਿੱਚ ਕਿਸ਼ਤੀਆਂ ਚੱਲ ਰਹੀਆਂ ਹਨ। ਪੰਜ ਦਰਿਆਵਾਂ ਦਾ ਰਾਜ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਨਾਲ ਭਰਿਆ ਹੋਇਆ ਹੈ। ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ ਨਦੀਆਂ ਉਫਾਨ ‘ਤੇ ਹਨ।
ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਮਾਧਵਪੁਰ ਦੇ 80 ਪਿੰਡ ਖ਼ਤਰੇ ਵਿੱਚ ਪੈ ਗਏ ਹਨ।ਮਾਧੋਪੁਰ ਹੈਡਵਰਕਸ ‘ਚ ਪਾਣੀ ਜ਼ਿਆਦਾ ਆਉਣ ਕਰਕੇ ਐਮਬੀ ਲਿੰਕ ਨਹਿਰ ਦਾ ਪਾਣੀ ਓਵਰ ਫਲੋਅ ਹੋ ਗਿਆ ਜਿਸ ਕਾਰਨ ਸੈਂਕੜੇ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ। ਮਾਧੋਪੁਰ ਹੈਡਵਰਕਸ ‘ਚ ਇਕ ਇਮਾਰਤ ‘ਚ ਫਸੇ 22 CRPF ਦੇ ਜਵਾਨਾਂ ਤੇ ਤਿੰਨ ਹੋਰ ਵਿਅਕਤੀਆਂ ਨੂੰ ਰੈਸਕਿਊ ਕਰ ਕੇ ਹੈਲੀਕਾਪਟਰ ਰਾਹੀਂ ਸੁਰੱਖਿਤ ਥਾਵਾਂ ‘ਤੇ ਪਹੁੰਚਾਇਆ ਗਿਆ।
ਬਚਾਅ ਉਪਰੰਤ ਉਕਤ ਇਮਾਰਤ ਢਹਿ-ਢੇਰੀ ਹੋ ਕੇ ਪਾਣੀ ਦੀ ਭੇਟ ਚੜ੍ਹ ਗਈ। ਇਸੇ ਤਰ੍ਹਾਂ ਪਾਣੀ ਦੀ ਮਾਰ ਹੇਠ ਸੁਜਾਨਪੁਰ ਪੁਲ਼ ਨੰਬਰ ਚਾਰ ਤੇ ਪੰਜ ਵੀ ਆਏ ਹਨ ਜਿਸ ਕਾਰਨ ਜੰਮੂ-ਜਲੰਧਰ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਪਠਾਨਕੋਟ ਡੀਸੀ ਦਫਤਰ ਤੇ ਐਸਐਸਪੀ ਦਫਤਰ ‘ਚ ਵੀ ਪਾਣੀ ਭਰ ਗਿਆ ਹੈ।ਸੁਜਾਨਪੁਰ ਪੁਲ਼ ਨੰਬਰ ਚਾਰ ਦੇ ਪੰਜ ਨਹਿਰ ਦਾ ਪਾਣੀ ਵੀ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਚ ਚਾਰ ਤੋਂ ਪੰਜ ਫੁੱਟ ਤਕ ਵੜ ਚੁੱਕਾ ਹੈ। ਪਾਣੀ ‘ਚ ਫਸੇ ਲੋਕਾਂ ਨੂੰ ਐਨਡੀਆਰਐਫ ਅਤੇ ਫ਼ੌਜ ਵੱਲੋਂ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
