ਨਿਊਜ਼ ਪੰਜਾਬ
27 ਅਗਸਤ 2025
ਪੰਜਾਬ ਵਿੱਚ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਇੱਥੇ ਵੀ ਮੀਂਹ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਬੀਤੀ ਦੇਰ ਰਾਤ ਰਾਵੀ ਦਰਿਆ ਦਾ ਵਧ ਗਿਆ। ਇਸ ਕਾਰਨ ਡੇਰਾ ਬਾਬਾ ਨਾਨਕ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਸ਼੍ਰੀ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਸਥਾਨ ਧੁੱਸੀ ਬੰਨ੍ਹ ਟੁੱਟ ਗਿਆ। ਪਾਕਿਸਤਾਨ ਦੀ ਸਰਹੱਦ ‘ਤੇ ਬਣੇ ਕਰਤਾਰਪੁਰ ਕੋਰੀਡੋਰ ਦੇ ਪੁਲ ਹੇਠੋਂ ਪਾਣੀ ਤੇਜ਼ ਵਹਾਅ ਨਾਲ ਵਹਿ ਰਿਹਾ ਹੈ। ਪਾਣੀ ਨੇੜਲੇ ਕਈ ਪਿੰਡਾਂ ਵਿੱਚ ਵੀ ਦਾਖਲ ਹੋ ਗਿਆ ਹੈ। ਧੁੱਸੀ ਬੰਨ੍ਹ ਟੁੱਟਣ ਕਾਰਨ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਵੀ ਡੁੱਬ ਗਈ ਹੈ। ਇਸ ਦੇ ਨਾਲ ਰਾਵੀ ਨਦੀ ਦੇ ਪਾਣੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਡੁੱਬਾ ਦਿੱਤਾ ਹੈ। 7-7 ਫੁੱਟ ਤੱਕ ਪਾਣੀ ਭਰ ਗਿਆ।
ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਰੋਵਾਲ (ਪਾਕਿਸਤਾਨ) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਭਾਰਤ ਵੱਲੋਂ ਰਾਵੀ ਨਦੀ ਵਿੱਚ ਛੱਡਿਆ ਗਿਆ ਵਾਧੂ ਪਾਣੀ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਰੋਵਾਲ ਦੇ ਕੁਝ ਸਾਲ ਪਹਿਲਾਂ ਬਣੇ ਨਵੇਂ ਕੰਪਲੈਕਸ ਵਿੱਚ ਸਥਿਤ ਲੰਗਰ ਘਰ, ਪਰਿਕਰਮਾ ਸਰੋਵਰ, ਸਰਵਨ ਆਦਿ ਵਿੱਚ ਪੰਜ ਤੋਂ ਸੱਤ ਫੁੱਟ ਤੱਕ ਭਰ ਗਿਆ ਹੈ।

