ਪੰਜਾਬ ਮਿਊਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਰਾਹੀਂ ਕਰੋੜਾਂ ਰੁਪਏ ਦੀਆਂ ਵਿਕਾਸ ਗਰਾਂਟਾਂ ਹੋਣਗੀਆਂ ਜਾਰੀ
ਨਵਾਂਸ਼ਹਿਰ ਅਤੇ ਰਾਹੋਂ ਸ਼ਹਿਰਾਂ ਦੇ ਵਿਕਾਸ ਲਈ ਮਿਲਣਗੇ 10 ਕਰੋੜ ਦੇ ਵਿਕਾਸ ਫੰਡ-ਵਿਧਾਇਕ ਅੰਗਦ ਸਿੰਘ ਵਿਕਾਸ ਕਾਰਜਾਂ ਲਈ ਨਵਾਂਸ਼ਹਿਰ ਦੇ ਸਾਬਕਾ ਕੌਂਸਲਰਾਂ ਨਾਲ ਵਿਚਾਰ ਵਟਾਂਦਰਾ
ਨਿਊਜ਼ ਪੰਜਾਬ
ਨਵਾਂਸ਼ਹਿਰ, 27 ਮਈ- ਪੰਜਾਬਬ ਸਰਕਾਰ ਵੱਲੋਂ ਰਾਜ ਦੇ ਸ਼ਹਿਰਾਂ ਨੂੰ ਵਧੇਰੇ ਸਹੂਲਤਾਂ ਦੇਣ ਦੇ ਮੰਤਵ ਨਾਲ ਜਲਦ ਹੀ ਪੰਜਾਬ ਮਿਊਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਰਾਹੀਂ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਨਵਾਂਸ਼ਹਿਰ ਅਤੇ ਰਾਹੋਂ ਨਗਰ ਕੌਂਸਲਾਂ ਲਈ 10 ਕਰੋੜ ਰੁਪਏ ਦੇ ਵਿਕਾਸ ਫੰਡ ਜਾਰੀ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇਹ ਵਿਕਾਸ ਗਰਾਂਟਾਂ ਗਲੀਆਂ, ਜਲ ਸਪਲਾਈ ਟਿਊਬਵੈਲ, ਜਿੰਮ ਤੇ ਹੋਰ ਸੁਵਿਧਾਵਾਂ ਲਈ ਮਨਜੂਰ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਨਗਰ ਕੌਂਸਲ ਲਈ 7.15 ਕਰੋੜ ਰੁਪਏ ਅਤੇ ਰਾਹੋਂ ਨਗਰ ਕੌਂਸਲ ਲਈ 2.95 ਕਰੋੜ ਰੁਪਏ ਦੇ ਵਿਕਾਸ ਪ੍ਰਸਤਾਵ ਉਲੀਕੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਲ੍ਹ ਨਵਾਂਸ਼ਹਿਰ ਦੇ ਸਾਬਕਾ ਕੌਂਸਲਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਪਾਸੋਂ ਵੱਖ-ਵੱਖ ਵਾਰਡਾਂ ਨਾਲ ਸਬੰਧਤ ਮੰਗਾਂ ਦੀ ਜਾਣਕਾਰੀ ਲਈ ਗਈ ਤਾਂ ਜੋ ਸ਼ਹਿਰ ਦੇ ਵਿਕਾਸ ਨੂੰ ਬਰਾਬਰ ਥਾਂ ਮਿਲ ਸਕੇ ਅਤੇ ਹਰੇਕ ਵਾਰਡ ਨੂੰ ਵਿਕਾਸ ਗਰਾਂਟ ’ਚੋਂ ਪੂਰੀ ਨੁਮਾਇੰਦਗੀ ਮਿਲ ਸਕੇ। ਉਨ੍ਹਾਂ ਇਸ ਮੌਕੇ ਆਖਿਆ ਕਿ ਹਰੇਕ ਵਾਰਡ ’ਚ ਰਹਿੰਦੇ ਵਿਕਾਸ ਕਾਰਜਾਂ ਨੂੰ ਪਰਮ ਅਗੇਤ ਦਿੱਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਮੁਕੰਮਲ ਸਹੂਲਤਾਂ ਤੇ ਸੁਵਿਧਾਵਾਂ ਮਿਲ ਸਕਣ।