ਨਿਊਜ਼ ਪੰਜਾਬ
24 ਅਗਸਤ 2025
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸਿੱਖ ਕੌਮ ਦਾ ਜੀਵਨ–ਸਰੋਤ ਹਨ। ਗੁਰੂ ਸਾਹਿਬ ਜੀ ਸਿਰਫ਼ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਪੂਰੇ ਮਨੁੱਖਤਾ ਲਈ ਰਾਹ-ਦਿਖਾਉਣ ਵਾਲਾ ਸਰਬ-ਵਿਆਪਕ ਗੁਰੂ ਹਨ।ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਪਹਿਲੀ ਵਾਰ ਆਦਿ ਗ੍ਰੰਥ ਦਾ ਸੰਪਾਦਨ ਕੀਤਾ ਤੇ ਇਸ ਨੂੰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਸਥਾਪਿਤ ਕੀਤਾ।
ਅੱਜ ਦੇ ਦਿਨ ਭਾਦੋਂ ਸੁਦੀ ੧ ਸੰਮਤ ੧੬੬੧ ( ੧੬੦੪ ਈ) ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ੁਸ਼ੋਭਿਤ ਕਰਵਾ ਕੇ ਆਪ ਚਵਰ ਸਾਹਿਬ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ:-
ਬੁੱਢਾ ਸਾਹਿਬ ਖੋਲਹੁ ਗ੍ਰਿੰਥ ॥
ਲੇਹੁ ਆਵਾਜ਼ ਸੁਨਹਿ ਸਭਿ ਪੰਥ ॥
ਜਦੋਂ ਬਾਬਾ ਬੁੱਢਾ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਜੋ ਸਿੱਖ ਪੰਥ ‘ਚ ਆਇਆ ਸੀ ।
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਇਸ ਨੂੰ ਗੁਰੂ ਦੀ ਗੱਦੀ ਬਖ਼ਸ਼ ਕੇ ਸਦਾ ਲਈ ਸਿੱਖਾਂ ਦਾ ਜੀਵੰਤ ਗੁਰੂ ਘੋਸ਼ਿਤ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਅਤੇ ਭਗਤਾਂ ਦੀ ਬਾਣੀ ਸੰਕਲਿਤ ਹੈ, ਜੋ ਸਾਨੂੰ ਨਾਮ-ਸਿਮਰਨ, ਸੇਵਾ, ਸੱਚਾਈ ਤੇ ਇਕਸਾਰਤਾ ਦਾ ਪਾਠ ਪੜਾਉਂਦੀ ਹੈ। ਗੁਰੂ ਬਾਣੀ ਮਨ ਨੂੰ ਸ਼ਾਂਤੀ, ਜੀਵਨ ਨੂੰ ਰਾਹ ਅਤੇ ਰੂਹ ਨੂੰ ਪ੍ਰਭੂ ਨਾਲ ਜੋੜਦੀ ਹੈ।
ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏
