ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੋ ਕੋਵਿਡ ਮਰੀਜ਼ਾਂ ਦੇ ਤੰਦਰੁਸਤ ਹੋਣ ਤੋਂ ਬਾਅਦ ਹੋਇਆ ਕੋਰੋਨਾ ਮੁਕਤ – ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
ਨਿਊਜ਼ ਪੰਜਾਬ
ਨਵਾਂਸ਼ਹਿਰ/ਬੰਗਾ, 25 ਮਈ- ਕੋਰੋਨਾ ਵਾਇਰਸ ਖ਼ਿਲਾਫ਼ ਇੱਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅੱਜ ਆਪਣੇ ਆਖਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਣ ਬਾਅਦ, ਇੱਕ ਵਾਰ ਫ਼ਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਅੱਜ ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼ ਜ਼ਿਲ੍ਹੇ ਦੀ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਸਥਾਪਿਤ ਦੂਸਰੀ ਆਈਸੋਲੇਸ਼ਨ ਸੁਵਿਧਾ ’ਚ ਇਲਾਜ ਅਧੀਨ ਸਨ।
ਆਈਸੋਲੇਸ਼ਨ ਸੁਵਿਧਾ ਦੇ ਇੰਚਾਰਜ ਅਤੇ ਬੰਗਾ ਦੇ ਐਸ ਐਮ ਓ ਡਾ. ਕਵਿਤਾ ਭਾਟੀਆ ਨੇ ਆਪਣੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਇਸ ਸਫ਼ਲਤਾ ਨੂੰ ਬਿਆਨ ਕਰਦਿਆਂ ਦੱਸਿਆ ਕਿ ਇਸ ਆਈਸੋਲੇਸ਼ਨ ਸੁਵਿਧਾ ’ਚ ਸਾਡੇ ਕੋਲ 21 ਕੋਵਿਡ ਪਾਜ਼ਿਟਿਵ ਮਰੀਜ਼ ਆਏ ਸਨ। ਸਾਡੇ ਲਈ ਆਈਸੋਲੇਸ਼ਨ ਵਾਰਡ ਦੀ ਨਵੀਂ ਸ਼ੁਰੂਆਤ ਹੋਣ ਕਾਰਨ ਇਹ ਸਾਡੇ ਲਈ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ ਪਰ ਅਸੀਂ ਖੁਸ਼ਕਿਸਮਤ ਰਹੇ ਕਿ ਸਾਡੀ ਟੀਮ ਦੀ ਮੇਹਨਤ ਸਕਦਾ ਸਾਰੇ ਹੀ ਮਰੀਜ਼ ਬਿਨਾਂ ਕਿਸੇ ਜਾਨੀ ਨੁਸਕਾਨ ਤੋਂ ਸਿਹਤਯਾਬ ਹੋ ਕੇ ਘਰਾਂ ਨੂੰ ਜਾਣ ’ਚ ਸਫ਼ਲ ਰਹੇ।
ਡਾ. ਭਾਟੀਆ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਪਾਸੋਂ 12 ਮੈਡੀਕਲ ਅਫ਼ਸਰਾਂ (ਸਮੇਤ ਦੋ ਮੈਡੀਸਨ ਮਾਹਿਰ), 10 ਪ੍ਰਤੀਬੱਧ ਸਟਾਫ਼ ਨਰਸਾਂ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾ ਤਜਰਬਾ ਸੀ, ਪੰਜ ਮੈਡੀਕਲ ਲੈਬ ਤਕਨੀਸ਼ੀਅਨ, ਅੱਠ ਫ਼ਾਰਮਾਸਿਸਟ, ਚਾਰ ਵਾਰਡ ਅਟੈਂਡੈਂਟ ਅਤੇ ਤਿੰਨ ਸਫ਼ਾਈ ਸੇਵਕਾਂ ਦਾ ਦਿਨ ਰਾਤ ਕੰਮ ਕਰਨ ਵਾਲਾ ਸਟਾਫ਼ ਮਿਲਿਆ ਸੀ, ਜਿਸ ਨੇ ਤਿੰਨ ਸ਼ਿਫ਼ਟਾਂ ’ਚ ਕੰਮ ਕਰਕੇ ਮਾਨਵਤਾ ਪ੍ਰਤੀ ਆਪਣੀ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ।
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਡਾ. ਕਵਿਤਾ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿੱਥੇ ਇਸ ਸੰਕਟ ਦੀ ਘੜੀ ’ਚ ਮਾਨਵਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਕਾਰਜ ਲਈ ਆਪਣੇ ਹਸਪਤਾਲ ਦੇ ਵਾਰਡਾਂ ਦੀ ਪੇਸ਼ਕਸ਼ ਕੀਤੀ ਗਈ ਉੱਥੇ ਲੋੜੀਂਦੀ ਢਾਂਚਾਗਤ ਤਬਦੀਲੀ ਵੀ ਖੁਦ ਕਰਵਾ ਕੇ ਯੋਗਦਾਨ ਪਾਇਆ ਗਿਆ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਿਹਤਯਾਬ ਹੋਏ ਕੇਸਾਂ ’ਚੋਂ 101 ਜ਼ਿਲ੍ਹ੍ਹੇ ਨਾਲ ਸਬੰਧਤ ਸਨ ਜਦਕਿ 11 ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਨੰਦੇੜ ਤੋਂ ਜ਼ਿਲ੍ਹੇ ’ਚ ਆਏ ਲੋਕਾਂ ਦੇ ‘ਇਕਾਂਤਵਾਸ’ ’ਚ ਰੱਖੇ ਜਾਣ ਦੌਰਾਨ ਲਏ ਗਏ ਸੈਂਪਲਾਂ ਬਾਅਦ ਜ਼ਿਲ੍ਹੇ ’ਚ ਇਕ ਦਮ ਕੋਵਿਡ ਕੇਸਾਂ ’ਚ ਤੇਜ਼ੀ ਆ ਗਈ ਸੀ ਪਰੰਤੂ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਹਰ ਇੱਕ ਨੂੰ ਠੀਕ ਕਰਕੇ ਘਰ ਭੇਜਣ ’ਚ ਸਫ਼ਲ ਹੋਏ ਹਾਂ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਬੀਤੀ 22 ਅਪਰੈਲ ਨੂੰ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਨੂੰ ਘਰ ਭੇਜਣ ਬਾਅਦ ਕੋਵਿਡ ਮੁਕਤ ਹੋਏ ਜ਼ਿਲ੍ਹੇ ’ਚ 25 ਅਪਰੈਲ ਨੂੰ ਆਏ ਨਵੇਂ ਕੇਸ ਤੋਂ ਬਾਅਦ ਸੂਚੀ ਨਿਰੰਤਰ ਲੰਬੀ ਹੁੰਦੀ ਗਈ ਸੀ। ਪਰ ਸਾਡੇ ਸਮੁੱਚੇ ਸਿਹਤ ਅਮਲੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗਿਆਨੀ ਬਲਦੇਵ ਸਿੰਘ ਪਠਲਾਵਾ ਦੀ ਦੁਖਦਾਈ ਮੌਤ ਬਾਅਦ ਜ਼ਿਲ੍ਹੇ ’ਚ ਹੋਰ ਕੋਈ ਅਜਿਹਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਸਮੁੱਚੀ ਸਥਿਤੀ ਨੂੰ ਸੰਭਾਲ ਲਿਆ ਗਿਆ। ਨਵਾਂਸ਼ਹਿਰ ਅਤੇ ਢਾਹਾਂ ਕਲੇਰਾਂ ਆਈਸੋਲੇਸ਼ਨ ਕੇਂਦਰਾਂ ਦੀਆਂ ਸਮੁੱਚੀਆਂ ਮੈਡੀਕਲ ਟੀਮਾਂ ਦੀ ਮੇਹਨਤ ਅਤੇ ਸੇਵਾ ਭਾਵ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਦੀਆਂ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਵੀ ਤਿਆਰ ਰਹਿਣ, ਕਿਉਂ ਜੋ ਅਸੀਂ ਮਰੀਜ਼ਾਂ ਨੂੰ ਠੀਕ ਕੀਤਾ ਹੈ ਪਰੰਤੂ ਵਿਸ਼ਵ ਵਿਆਪੀ ਮਹਾਂਮਾਰੀ ਹਾਲਾਂ ਵੀ ਉਸੇ ਤਰ੍ਹਾਂ ਫੈਲੀ ਹੋਈ ਹੈ। ਸ੍ਰੀ ਬਬਲਾਨੀ ਨੇ ਆਈਸੋਲੇਸ਼ਨ ਕੇਂਦਰਾਂ ’ਚੋਂ ਘਰ ਭੇਜੇ ਗਏ ਕੋਵਿਡ ਮਰੀਜ਼ਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਘਰਾਂ ’ਚ 7 ਦਿਨ ਦਾ ਆਈਸੋਲੇਸ਼ਨ ਸਮਾਂ ਨਿਯਮਿਤ ਤੌਰ ’ਤੇ ਜ਼ਰੂਰ ਪੂਰਾ ਕਰਨ ਤਾਂ ਜੋ ਉਹ ਮੁਕੰਮਲ ਤੌਰ ’ਤੇ ਸਿਹਤਯਾਬ ਹੋ ਸਕਣ।