ਹਾਕੀ ਸਟਾਰ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਪੂਰੇ ਰਾਜਕੀ ਸਨਮਾਨਾਂ ਨਾਲ ਸਸਕਾਰ – ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਮ ਬਲਬੀਰ ਸਿੰਘ ਸੀਨੀਅਰ ਦੇ ਨਾਂ ਉਤੇ ਰੱਖਿਆ ਜਾਵੇਗਾ: ਸੋਢੀ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਫੁੱਲ-ਮਾਲਾ ਭੇਟ

ਨਿਊਜ਼ ਪੰਜਾਬ

ਚੰਡੀਗੜ, 25 ਮਈ – ਕੌਮਾਂਤਰੀ ਹਾਕੀ ਸਟਾਰ ਤੇ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਅੰਤਿਮ ਸੰਸਕਾਰ ਅੱਜ ਇੱਥੇ ਬਿਜਲਈ ਸਮਸ਼ਾਨਘਾਟ ਵਿਖੇ ਪੂਰੇ ਰਾਜਕੀ ਸਨਮਾਨਾਂ ਨਾਲ ਕੀਤਾ ਗਿਆ। ਚਿਤਾ ਨੂੰ ਅਗਨੀ ਉਨਾਂ ਦੇ ਪੋਤੇ ਕਬੀਰ ਸਿੰਘ ਨੇ ਦਿਖਾਈ, ਜਦੋਂ ਕਿ ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦੀ ਪੁੱਤਰੀ ਸੁਸ਼ਬੀਰ ਕੌਰ ਵੀ ਹਾਜ਼ਰ ਸਨ।
ਇਹ ਖੁਲਾਸਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਦੇਹ ਉਤੇ ਫੁੱਲ-ਮਾਲਾ ਭੇਟ ਕੀਤੀ। ਪੰਜਾਬ ਪੁਲੀਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰ ਕੇ ਅਤੇ ਹਵਾ ਵਿੱਚ ਫਾਇਰ ਕਰਕੇ ਇਸ ਮਹਾਨ ਹਾਕੀ ਸਟਾਰ ਨੂੰ ਸਤਿਕਾਰ ਭੇਟ ਕੀਤਾ।
ਇਸ ਦੌਰਾਨ ਵਿਧਾਇਕ ਤੇ ਓਲੰਪੀਅਨ ਪਰਗਟ ਸਿੰਘ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਫੁੱਲ ਮਾਲਾਵਾਂ ਭੇਟ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਰਾਜਪਾਲ ਤੇ ਚੰਡੀਗੜ ਦੇ ਪ੍ਰਸ਼ਾਸਕ ਦੀ ਤਰਫੋਂ ਚੰਡੀਗੜ ਦੇ ਏ.ਡੀ.ਸੀ. ਸਚਿਨ ਰਾਣਾ ਨੇ ਫੁੱਲ-ਮਾਲਾ ਭੇਟ ਕੀਤੀ।
ਹਾਕੀ ਇੰਡੀਆ, ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਹਾਕੀ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਫੁੱਲ ਮਾਲਾਵਾਂ ਚੜਾ ਕੇ ਸਤਿਕਾਰ ਭੇਟ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਰੱਖਿਆ ਜਾਵੇਗਾ, ਜਿਸ ਦਾ ਰਸਮੀ ਤੌਰ ’ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਢੁਕਵੇਂ ਸਮੇਂ ਉਤੇ ਕਰਨਗੇ।
ਸਸਕਾਰ ਮੌਕੇ ਉਨਾਂ ਨੂੰ ਸਤਿਕਾਰ ਭੇਟ ਕਰਨ ਲਈ ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਖੇਡਾਂ ਸੰਜੈ ਪੋਪਲੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਨਗਰ ਨਿਗਮ ਚੰਡੀਗੜ ਦੇ ਕਮਿਸ਼ਨਰ ਅਤੇ ਸਕੱਤਰ ਖੇਡਾਂ ਯੂ.ਟੀ. ਕੇ.ਕੇ. ਯਾਦਵ, ਡਾਇਰੈਕਟਰ ਖੇਡਾਂ ਯੂ.ਟੀ. ਤੇਜਵੀਰ ਸੈਣੀ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਪਰਿਵਾਰਕ ਮੈਂਬਰ, ਦੋਸਤ ਤੇ ਪ੍ਰਸੰਸਕਾਂ ਨੇ ਇਸ ਹਾਕੀ ਸਟਾਰ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ।   

 

——-