ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ;ਕਿਸੇ ਅਣਪਛਾਤੇ ਵਿਅਕਤੀ ਵੱਲੋਂ ਭੇਜੀ ਗਈ ਈਮੇਲ

ਨਿਊਜ਼ ਪੰਜਾਬ

ਅੰਮ੍ਰਿਤਸਰ :14 ਜੁਲਾਈ 2025

ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੇ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਭਰੀ ਇੱਕ ਈਮੇਲ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਈਮੇਲ ਕਿਸ ਵੱਲੋਂ ਭੇਜੀ ਗਈ ਹੈ, ਕੀ ਇਹ ਕੋਈ ਧਮਕੀ ਹੈ ਜਾਂ ਕਿਸੇ ਦੀ ਸ਼ਰਾਰਤ, ਇਸਦੀ ਪੁਸ਼ਟੀ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ SGPC ਨੂੰ ਇਕ ਅਣਜਾਣ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿੱਚ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਟਾਰਗੈੱਟ ਕਰਨ ਦੀ ਗੱਲ ਲਿਖੀ ਗਈ ਹੈ। SGPC ਵੱਲੋਂ ਤੁਰੰਤ ਹੀ ਇਸ ਮਾਮਲੇ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ SGPC ਨੇ ਸਾਵਧਾਨੀ ਵਜੋਂ ਲੰਗਰ ਹਾਲ ਤੇ ਹੋਰ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਪੁਲਿਸ ਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ। ਐਸਜੀਪੀਸੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ।