ਪੰਜਾਬਅੰਤਰਰਾਸ਼ਟਰੀ

‘ ਬਾਪੂ ਦੀ ਬੁੱਕਲ ਤੋਂ ਨਿੱਘੀ, ਇਸ ਧਰਤੀ ਤੇ ਇੱਕ ਵੀ ਥਾਂ ਨਹੀਂ ‘ ਬਾਬਲ ਦਿਵਸ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ” ਪਾਰਦਰਸ਼ੀ “

ਬਾਬਲ ਦਿਵਸ ਤੇ ਵਿਸ਼ੇਸ਼ 

ਪ੍ਰੋ. ਗੁਰਭਜਨ ਸਿੰਘ ਗਿੱਲ :

2006 ਵਿੱਚ ਮੈਂ ਅਮਰੀਕਾ ਗਿਆ ਤਾਂ ਆਪਣੀ ਜੀਵਨ ਸਾਥਣ ਦੇ ਨਿੱਕੇ ਵੀਰ ਗੁਰਿੰਦਰਜੀਤ ਸਿੰਘ ਨੱਤ ਨਾਲ ਟੈਨੇਸੀ ਸਟੇਟ ਵਿੱਚ ਘੁੰਮਣ ਦਾ ਮੌਕਾ ਮਿਲਿਆ। ਨੈਸ਼ਵਿਲੇ ਹਵਾਈ ਅੱਡੇ ਤੇ ਉੱਤਰੇ ਤਾਂ ਬਹੁਤੇ ਲੋਕਾਂ ਦੇ ਮੋਢਿਆਂ ਤੇ ਸਾਜ਼ ਵੇਖੇ। ਗਿਟਾਰਾ ਹੀ ਗਿਟਾਰਾਂ। ਸੰਗੀਤ ਦਾ ਸ਼ਹਿਰ ਹੈ ਇਹ।

ਜੈਕਸਨ ਰਹਿੰਦਾ ਅਮਰਜੀਤ ਗੁਰਦਾਸਪੁਰੀ ਜੀ ਦਾ ਬੇਟਾ ਤੇਜ ਬਿਕਰਮ ਸਿੰਘ ਰੰਧਾਵਾ ਸਾਨੂੰ ਲੈਣ ਆਇਆ ਹੋਇਆ ਸੀ। ਲਗਪਗ 200ਮੀਲ ਦਾ ਪੈਂਡਾ ਸੀ ਏਥੋਂ। ਗੱਲਾਂ ਗੱਲਾਂ ਵਿੱਚ ਪਤਾ ਹੀ ਨਾ ਲੱਗਾ ਕਿ ਕਦੋਂ ਅੱਪੜ ਗਏ।

ਉੱਥੇ ਵੱਸਦੇ ਪਿਆਰੇ ਵੀਰ ਸ ਪ ਸਿੰਘ ਵਿਰਕ ਤੇ ਸੂਰਤ ਸਿੰਘ ਚੱਠਾ ਨਾਲ ਮੈਂਫਸ ਸ਼ਹਿਰ ਦੀ ਯਾਤਰਾ ਕੀਤੀ। ਮਿਸਸਿਪੀ ਦਰਿਆ ਵੇਖਿਆ, ਕਾਲ਼ੇ ਰੰਗ ਦੇ ਪਾਣੀ ਵਾਲਾ। ਬਹੁਤ ਚੌੜਾ।

ਮੈਂਫਸ ਸੰਗੀਤ ਦੇ ਬਹੁਤ ਵੱਡੇ ਗਾਇਕ ਐਲਵਿਸ ਪਰੈਸਲੇ ਦਾ ਸ਼ਹਿਰ ਹੈ। ਉਸ ਦੀ ਯਾਦ ਵਿੱਚ ਉਸ ਦੇ ਹੀ ਘਰ ਅੰਦਰ ਬਣੇ ਮਿਉਜ਼ੀਅਮ ਨੂੰ ਵੇਖਿਆ। ਕਮਾਲ ਸੀ।

ਮੈਂਫਸ ਨੇੜੇ ਵੱਸਦੇ ਮਿੱਤਰ ਸੂਰਤ ਸਿੰਘ ਚੱਠਾ ਨੇ ਆਪਣੇ ਪ੍ਰਵਾਸ ਮੌਕੇ ਬਾਪ ਦੀ ਸਿੱਖਿਆ ਵਾਲੀ ਗੱਲ ਸੁਣਾਈ। ਇਸ ਬਾਰੇ ਮੈਂ ਇਹ ਕਵਿਤਾ ਲਿਖੀ ਜੋ ਮੇਰੇ ਕਾਵਿ ਸੰਗ੍ਰਹਿ “ ਪਾਰਦਰਸ਼ੀ” ਵਿੱਚ ਸ਼ਾਮਲ ਹੈ।

ਬਾਬਲ ਦਿਵਸ ਤੇ ਇਹ ਕਵਿਤਾ ਤੁਸੀਂ ਵੀ ਪੜ੍ਹੋ।

 

ਮੇਰਾ ਬਾਬਲ ਅੱਜ ਮੋਇਆ ਹੈ

 

ਗੁਰਭਜਨ ਗਿੱਲ

 

ਘਰੋਂ ਤੁਰਦਿਆਂ ਬਾਪ ਕਿਹਾ ਸੀ,

ਕਿਉਂ ਚੱਲਿਆ ਏਂ?

ਦੂਰ ਦੇਸ ਵਿਚ,

ਜਿੱਥੇ ਸਾਰੀ ਧਰਤ ਪਰਾਈ।

ਜਿੱਥੇ ਤੇਰਾ ਬਾਪ ਨਾ ਮਾਈ।

 

ਉਸ ਵੇਲੇ ਤਾਂ,

ਕੱਚੀ ਉਮਰ ਦਾ ਤੇਜ਼ ਬੜਾ ਸੀ।

ਗੋਰੀ ਧਰਤੀ ਪਹੁੰਚਣ ਦਾ ਵੀ,

ਹੇਜ਼ ਬੜਾ ਸੀ।

ਮੈਨੂੰ ਉਹ ਗੱਲ,

ਉਸ ਵੇਲੇ ਤਾਂ ਸਮਝ ਨਾ ਆਈ।

ਪਰ ਮੈਂ ਮੋਹ ਦੇ ਸੰਗਲ ਰੱਸੇ,

ਆਪਣੇ ਰਾਹ ਵਿਚ ਰੋੜੇ ਸਮਝੇ।

ਬਾਪੂ ਵਾਲੇ ਰਿਜ਼ਕ ਸਿਆੜ ਵੀ ਥੋੜ੍ਹੇ ਸਮਝੇ।

 

ਭਰਮ ਜਿਹਾ ਸੀ,

ਗੋਰੀ ਨਗਰੀ ਲੱਗਦੇ ਸੋਨ ਬਿਰਖ਼ ਨੂੰ ਪੱਤੇ।

ਪਰ ਹੱਥਾਂ ਵਿਚ ਰਹਿ ਗਏ ਗੱਤੇ।

ਟਿਕਟਾਂ, ਬਿੱਲਾਂ, ਕਿਸ਼ਤਾਂ ਦਾ ਭੁਗਤਾਨ ਕਰਦਿਆਂ,

ਹਰ ਪਲ ਆਪਣੀ ਨਜ਼ਰੋਂ ਡਿੱਗ ਕੇ,

ਇਸ ਪੀੜਾ ਨੂੰ ਆਪ ਜਰਦਿਆਂ।

ਸੁਰਤ ਜਦੋਂ ਬਾਪੂ ਵੱਲ ਜਾਵੇ।

ਮੰਜੇ ਥੱਲਿਓਂ ਖਿਸਕਣ ਪਾਵੇ।

ਇਸ ਬੇਗਾਨੀ ਧਰਤੀ ਉੱਤੇ,

ਬਾਪੂ ਕਿਧਰੇ ਨਜ਼ਰ ਨਾ ਆਵੇ।

 

ਅੱਜ ਮੈਂ ਕਮਰੇ ਦੇ ਵਿਚ ਟੰਗੀ,

ਬਾਪੂ ਜੀ ਦੀ ਵੱਡੀ ਮੂਰਤ।

ਬੜਾ ਆਖਿਆ,

ਬਾਪੂ ! ਜ਼ਰਾ ਪਛਾਣ ਖਾਂ ਮੈਨੂੰ,

ਮੈਂ ਹਾਂ ਤੇਰਾ ਨਿੱਕੜਾ ਸੂਰਤ।

ਮੇਰੀ ਕੰਡ ਤੇ ਹੱਥ ਤਾਂ ਧਰ ਦੇਹ।

ਮੇਰਾ ਜਿਸਮ ਜਿਉਂਦਾ ਕਰਦੇ।

 

ਪਰ ਮੂਰਤ ਨਾ ਦਏ ਹੁੰਗਾਰਾ।

ਚੁੱਪ ਕਿਉਂ ਏਂ, ਗੱਲ ਨਹੀਂ ਕਰਦਾ,

ਪੁੱਛਦਾ, ਮੈਨੂੰ ਟੱਬਰ ਸਾਰਾ।

 

ਇਸ ਧਰਤੀ ਤੇ ਬੀਵੀ ਬੱਚੇ, ਸੋਹਣਾ ਘਰ ਹੈ।

ਖ਼ੁਦ ਪਛਤਾਵਾ ਇੱਕੋ ਪਰ ਹੈ।

ਕੰਡ ਤੇ ਹੱਥ ਨਹੀਂ, ਸਿਰ ਤੇ ਛਾਂ ਨਹੀਂ।

ਬਾਪੂ ਦੀ ਬੁੱਕਲ ਤੋਂ ਨਿੱਘੀ,

ਇਸ ਧਰਤੀ ਤੇ ਇੱਕ ਵੀ ਥਾਂ ਨਹੀਂ।

 

ਖਾਣ ਨੂੰ ਆਏ ਸੁੰਨ ਮਸੁੰਨਾ,

ਸੋਨ ਬਿਰਖ਼ ਦੀ ਧਰਤੀ ਵਾਲਾ ਦੇਸ਼ ਨਿਆਰਾ।

ਬਾਬਲ ਬਾਝੋਂ ਧੂੰਏਂ ਵਿਚ ਜਿਓਂ,

ਦਮ ਘੁਟਦਾ ਹੈ।

ਅਵਾਜ਼ਾਰ ਹਾਂ !

ਨੋਟਾਂ ਦੀਆਂ ਤਿਤਲੀਆਂ ਗਿਣ ਗਿਣ

ਅੱਜ ਇਹ ਮੈਨੂੰ ਕੀਹ ਹੋਇਆ ਹੈ?

ਕਠਿਨ ਤਪੱਸਿਆ ਕਰਕੇ ਹਾਸਲ ਕੀਤੀ ਪੂੰਜੀ,

ਮਿੱਟੀ ਹੋਈ।

ਰੂਹ ਦਾ ਦੀਵਾ ਗੁੱਲ ਹੋਇਆ ਹੈ।

ਇਉਂ ਲੱਗਦਾ ਹੈ,

ਮੇਰਾ ਬਾਬਲ ਅੱਜ ਮੋਇਆ ਹੈ।