ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਨਿਊਜ਼ ਪੰਜਾਬ
ਪਟਿਆਲਾ, 15 ਜੂਨ 2025
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡਾ ਉਪਰਾਲਾ ਕਰਦਿਆਂ ਪੜ੍ਹੀਆਂ ਲਿਖੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾਇਆ ਅਤੇ ਸਫਲਤਾਪੂਰਵਕ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਕਲੱਬ ਵੱਲੋਂ ਸਿਲਾਈ ਮਸ਼ੀਨਾਂ ਵੰਡ ਕੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਕਲੱਬ ਵੱਲੋਂ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਦੀ ਅਗਵਾਈ ਵਿੱਚ ਸਿਲਾਈ ਕੋਰਸ ਮੁਕੰਮਲ ਹੋਣ ’ਤੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਤਿੰਦਰ ਕੌਰ ਵਾਲੀਆ ਨੇ ਮੁੱਖ ਮਹਿਮਾਨ ਤੇ ਰਾਜੇਸ਼ ਪੰਜੋਲਾ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਲੜਕੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਮੌਕੇ ਕਲੱਬ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਪਹਿਲੇ ਦਿਨ ਤੋਂ ਹੀ ਲੋਕ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਲੱਬ ਨਾਲ ਜੁੜੇ ਹਰੇਕ ਮੈਂਬਰ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਗੀਤਾਂਜਲੀ ਸਿਲਾਈ ਅਧਿਆਪਕਾ ਦੀ ਮਿਹਨਤ ਅਤੇ ਕਾਬਲੀਅਤ ਸਦਕਾ ਸਿਲਾਈ ਸੈਂਟਰ ਦੀ ਕਲਾਸ ’ਚ ਲੜਕੀਆਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ। ਇਨ੍ਹਾਂ ਲੜਕੀਆਂ ਦਾ ਇਮਤਿਹਾਨ ਲਿਆ ਗਿਆ ਜਿਸ ਵਿਚੋਂ 11 ਲੜਕੀਆਂ ਪਾਸ ਹੋਈਆਂ ਅਤੇ ਇਨ੍ਹਾਂ ਲੜਕੀਆਂ ਨੂੰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੁਆਰਾ ਆਯੋਜਿਤ ਪ੍ਰਾਜੈਕਟ ਰਾਹੀਂ ਤੇ ਬਰਿੰਦਰ ਢੂੰਡੀਆਂ ਵੱਲੋਂ ਆਪਣੀ ਧਰਮ ਪਤਨੀ ਮਰਹੂਮ ਰਾਕੇਸ਼ ਢੂੰਡੀਆਂ ਦੀ ਯਾਦ ਵਿੱਚ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਤੇ ਨਾਲ ਹੀ ਕਲੱਬ ਵੱਲੋਂ ਸਰਟੀਫਿਕੇਟ ਵੀ ਦਿੱਤੀ ਗਏ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਗਰੈਜੂਏਟ ਤੇ ਪੋਸਟ ਗਰੈਜੂਏਟ ਲੜਕੀਆਂ ਸਿਲਾਈ ਸਿੱਖਣ ਲਈ ਆਈਆਂ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਤਿੰਦਰ ਕੌਰ ਵਾਲੀਆਂ ਨੇ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਕਲੱਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜਿਕ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਰਾਜੇਸ਼ ਪੰਜੋਲਾ ਨੇ ਕਿਹਾ ਕਿ ਕਲੱਬ ਵੱਲੋਂ ਕੀਤੇ ਉਪਰਾਲਿਆਂ ਸਦਕਾ ਕਈ ਲੋੜਵੰਦ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਹੋਏ ਹਨ, ਜੋ ਇਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਕੇਵਲ ਇਕ ਵਿਅਕਤੀ ਨੂੰ ਨਹੀਂ ਸਗੋਂ ਉਸ ਦੇ ਪੂਰੇ ਪਰਿਵਾਰ ਨੂੰ ਪੈਰਾ ਸਿਰ ਕਰਦੀਆਂ ਹਨ।
ਸਮਾਗਮ ਦੌਰਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਪ੍ਰਧਾਨ, ਰੋਟੇਰੀਅਨ ਰੋਹਿਤ ਗੁਪਤਾ ਸੈਕਟਰੀ, ਰੋਟੇਰੀਅਨ ਬਰਿੰਦਰ ਢੂੰਡੀਆਂ ਪ੍ਰਾਜੈਕਟ ਚੇਅਰਮੈਨ, ਰੋਟੇਰੀਅਨ ਰਕੇਸ਼ ਸਿੰਗਲਾ, ਰੋਟੇਰੀਅਨ ਦੇਵੀ ਦਿਆਲ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਰੋਟੇਰੀਅਨ ਮਾਨਿਕ ਸਿੰਗਲਾ, ਇਮੀਜੀਏਟ ਪ੍ਰਧਾਨ ਅਸ਼ੋਕ ਕੁਮਾਰ ਰੌਣੀ, ਇਲੈਕਟਡ ਪ੍ਰਧਾਨ ਰੋਟੇਰੀਅਨ ਵਿਸ਼ਾਲ ਸ਼ਰਮਾ, ਕੈਸ਼ੀਅਰ ਰੋਟੇਰੀਅਨ ਗੀਤੇਸ ਸਿੰਗਲਾ, ਰੋਟੇਰੀਅਨ ਕੌਂਸਲ ਰਾਓ ਸਿੰਗਲਾ, ਆਰ ਕੇ ਸਿੰਗਲਾ, ਜੀਵਨ ਕੁਮਾਰ ਗਰਗ, ਅਮਿਤ ਜਿੰਦਲ, ਆਸ਼ੀਸ਼ ਅਗਰਵਾਲ ਵੀ ਮੌਜੂਦ ਸਨ।