ਮੁੱਖ ਖ਼ਬਰਾਂਪੰਜਾਬਭਾਰਤ

ਪੁੰਛ ਵਿੱਚ ਹੋਏ ਹਮਲੇ ‘ਚ ਮਾਰੇ ਗਏ ਚਾਰ ਸਿੱਖਾਂ ਲਈ ਹੋਈ ਅੰਤਿਮ ਅਰਦਾਸ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂ ਹੋਏ ਸ਼ਾਮਲ – 20 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ 

ਪੁੰਛ ( ਕਸ਼ਮੀਰ ) ਵਿੱਚ ਹੋਏ ਹਮਲੇ ‘ਚ ਮਾਰੇ ਗਏ ਚਾਰ ਸਿੱਖਾਂ ਲਈ ਹੋਈ ਅੰਤਿਮ ਅਰਦਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੋਈਆਂ

ਨਿਊਜ਼ ਪੰਜਾਬ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਅਤੇ ਸ੍ਰ. ਰਾਜਿੰਦਰ ਸਿੰਘ ਮਹਿਤਾ ਸਮੇਤ ਸਿੱਖ ਆਗੂਆਂ ਨੇ ਬੀਤੇ ਦਿਨੀ ਭਾਰਤ ਪਾਕਿਸਤਾਨ ਵਿੱਚ ਬਣੇ ਤਣਾਅ ਵਾਲੇ ਹਾਲਾਤ ਦੌਰਾਨ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਹੋਏ ਹਮਲੇ ‘ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਅੱਜ ਪੁੰਛ ਦਾ ਦੌਰਾ ਕੀਤਾ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਵੀ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਅਨੁਸਾਰ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ। ਸਮੂਹ ਪਰਿਵਾਰਾਂ ਦੇ ਘਰ ਜਾ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਵੀ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਦੁਨੀਆ ਵਿੱਚ ਜਦੋਂ ਵੀ ਕਿਤੇ ਕਿਸੇ ਸਿੱਖਾਂ ਨਾਲ ਪੀੜਾ ਬਣਦੀ ਹੈ ਤਾਂ ਉਹ ਆਪਣਾ ਫ਼ਰਜ਼ ਸਮਝ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ। ਇਸ ਮੌਕੇ ਸਿੱਖਾਂ ਦੀਆਂ ਜਿਨ੍ਹਾਂ ਥਾਵਾਂ ਉੱਤੇ ਹਮਲਾ ਹੋਇਆ ਅਤੇ ਨੁਕਸਾਨ ਪੁੱਜਿਆ ਉਨ੍ਹਾਂ ਦਾ ਵੀ ਦੌਰਾ ਕੀਤਾ।

ਬੀਤੇ ਦਿਨੀ ਸ. ਰਣਜੀਤ ਸਿੰਘ, ਰਾਗੀ ਭਾਈ ਅਮਰੀਕ ਸਿੰਘ, ਸਾਬਕਾ ਫੌਜੀ ਸ. ਅਮਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਦੀ ਪੁੰਛ ਖੇਤਰ ਵਿੱਚ ਹੋਏ ਹਮਲੇ ਦੌਰਾਨ ਮੌਤ ਹੋ ਗਈ ਸੀ।

ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਮਹੰਤ ਮਨਜੀਤ ਸਿੰਘ ਮੁਖੀ ਸ਼੍ਰੋਮਣੀ ਡੇਰਾ ਨੰਗਲੀ ਸਾਹਿਬ ਪੁੰਛ, ਭਾਈ ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ, ਭਾਈ ਜਗਤਾਰ ਸਿੰਘ ਸਲਾਹਕਾਰ/ਕੋਆਰਡੀਨੇਟਰ ਜੰਮੂ ਕਸ਼ਮੀਰ (ਧਰਮ ਪ੍ਰਚਾਰ ਕਮੇਟੀ), ਸ. ਪਰਵਿੰਦਰ ਸਿੰਘ ਚੇਅਰਮੈਨ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ (ਜੰਮੂ ਕਸ਼ਮੀਰ), ਸ. ਨਰਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ, ਸ. ਚਰਨਜੀਤ ਸਿੰਘ ਖ਼ਾਲਸਾ ਸਾਬਕਾ ਐੱਮਐੱਲਸੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੰਮੂ ਕਸ਼ਮੀਰ ਵੀ ਮੋਜ਼ੂਦ ਸਨ।