ਭਾਰਤ-ਪਾਕਿ ਤਣਾਅ ਵਿਚ ਨਵਾਂ ਮੋੜ: ਪਾਕਿਸਤਾਨ ਵੱਲੋਂ ਵੱਡੀ ਜਵਾਬੀ ਕਾਰਵਾਈ ਦੀ ਚੇਤਾਵਨੀ, ਪੰਜਾਬ ‘ਚ ਹਾਈ ਅਲਰਟ
ਨਿਊਜ਼ ਪੰਜਾਬ
ਚੰਡੀਗੜ੍ਹ, 7 ਮਈ 2025 – “ਆਪਰੇਸ਼ਨ ਸਿੰਦੂਰ” ਤਹਿਤ ਭਾਰਤ ਵੱਲੋਂ ਪਾਕਿਸਤਾਨ ’ਚ ਕੀਤੇ ਹਮਲਿਆਂ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਤਣਾਅ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਭਾਰਤੀ ਹਮਲਿਆਂ ਵਿੱਚ 8 ਲੋਕਾਂ ਦੀ ਮੌਤ ਹੋਈ, ਜਿਸ ’ਤੇ ਪਾਕਿਸਤਾਨ ਨੇ ਇਸਨੂੰ “ਯੁੱਧ ਦੀ ਘੋਸ਼ਣਾ” ਕਰਾਰ ਦਿੱਤਾ ਹੈ।
ਪਾਕਿ ਫੌਜ ਨੇ ਦਾਅਵਾ ਕੀਤਾ ਕਿ ਉਹ “ਸਮਾਂ ਅਤੇ ਸਥਾਨ ਦੀ ਆਪਣੀ ਪਸੰਦ” ’ਤੇ ਭਾਰੀ ਜਵਾਬ ਦੇਵੇਗੀ। ਸਰੋਤਾਂ ਅਨੁਸਾਰ, ਪਾਕਿਸਤਾਨ ਨੇ ਭਾਰਤ-ਪਾਕ ਸਰਹੱਦ ’ਤੇ ਲੰਬੀ ਰੇਂਜ ਵਾਲੀਆਂ ਮਿਸ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ, ਅਤੇ ਕਈ ਹਵਾਈ ਅੱਡਿਆਂ ’ਤੇ ਜੰਗੀ ਹਲਚਲ ਤੇਜ਼ ਹੋ ਚੁੱਕੀ ਹੈ।
ਇਸ ਤਣਾਅ ਦੇ ਮੱਦੇਨਜ਼ਰ ਭਾਰਤੀ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਹਾਈ ਅਲਰਟ ਜਾਰੀ ਹੈ। ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ, ਅਤੇ ਪਠਾਨਕੋਟ ’ਚ ਰਾਤਾਂ ਦੌਰਾਨ ਸੁਰੱਖਿਆ ਪਹਰੇ ਵਧਾ ਦਿੱਤੇ ਗਏ ਹਨ। ਜੰਮੂ ਰਾਜੀ ਹਾਈਵੇ ਅਤੇ ਸਟ੍ਰੈਟਜਿਕ ਪੁਆਇੰਟਾਂ ’ਤੇ ਫੌਜੀ ਮੂਵਮੈਂਟ ਤੇਜ਼ ਹੋਈ ਹੈ।
ਪੰਜਾਬ ਸਰਕਾਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ, ਸਾਵਧਾਨ ਰਹਿਣ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਭਾਰਤ-ਪਾਕਿ ਰਿਸ਼ਤਿਆਂ ’ਚ ਆਏ ਇਸ ਨਵੇਂ ਤਣਾਅ ਨੇ ਅੰਤਰਰਾਸ਼ਟਰੀ ਸਮੁਦਾਇ ਨੂੰ ਵੀ ਚਿੰਤਿਤ ਕਰ ਦਿੱਤਾ ਹੈ, ਅਤੇ ਸੰਯੁਕਤ ਰਾਸ਼ਟਰ ਨੇ ਤੁਰੰਤ ਸੰਯਮ ਵਰਤਣ ਦੀ ਅਪੀਲ ਕੀਤੀ ਹੈ।