ਅੰਮ੍ਰਿਤਸਰ ਪੁਲਿਸ ਵੱਲੋ ਗੈਰ-ਕਾਨੂੰਨੀ ਹਥਿਆਰ ਅਤੇ ਦੋ ਲੱਖ ਦੀ ਜਾਅਲੀ ਕਰੰਸੀ ਸਮੇਤ ਛੇ ਮੁਲਜ਼ਮਾ ਨੂੰ ਕੀਤਾ ਗ੍ਰਿਫ਼ਤਾਰ
ਨਿਊਜ਼ ਪੰਜਾਬ
ਅੰਮ੍ਰਿਤਸਰ ,2 ਮਈ 2025
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪਿਸਤੌਲ, 21 ਜ਼ਿੰਦਾ ਕਾਰਤੂਸ, 2 ਲੱਖ ਰੁਪਏ ਦੀ ਜਾਅਲੀ ਕਰੰਸੀ, ਦੋ ਸਪਲੈਂਡਰ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ।ਇਹ ਕਾਰਵਾਈ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐਸਐਸਪੀ ਮਨਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕੀਤੀ ਗਈ। ਇਹ ਕਾਰਵਾਈ ਕੈਪਟਨ ਆਦਿਤਿਆ ਵਾਰੀਅਰ ਅਤੇ ਡੀਐਸਪੀ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਆਸ਼ੀਸ਼ ਕੁਮਾਰ, ਵਿਸ਼ਾਲ, ਤਰਨਤਾਰਨ ਦੇ ਕਰਨਦੀਪ ਸਿੰਘ, ਇਸਲਾਮਾਬਾਦ ਦੇ ਕਸ਼ਮੀਰ ਸਿੰਘ, ਲਾਹੌਰੀ ਮੱਲ ਦੇ ਅਰਸ਼ਦੀਪ ਸਿੰਘ ਅਤੇ ਤਰਨਤਾਰਨ ਦੇ ਜਸ਼ਨਦੀਪ ਸਿੰਘ ਸ਼ਾਮਲ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਗੈਰ-ਕਾਨੂੰਨੀ ਹਥਿਆਰਾਂ ਨਾਲ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਹੋਰ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।