ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਅਮ੍ਰਿਤਸਰ’ਚ ਮਹਿਤਾ ਰੋਡ’ਤੇ ਹਾਦਸਾ: ਕਾਰ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ ਕਾਰਨ ਕਾਰ ਦੇ ਉੱਡੇ ਪਰਪੰਚੇ, ਬੇਟੇ ਨੂੰ ਏਅਰਪੋਰਟ ਤੇ ਛੱਡ ਕੇ ਵਾਪਸ ਪਰਤ ਰਿਹਾ ਸੀ ਪਰਿਵਾਰ,4 ਦੀ ਮੌਤ

ਨਿਊਜ਼ ਪੰਜਾਬ

2 ਮਈ 2025

ਅੰਮ੍ਰਿਤਸਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਵਾਪਰੇ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਲਈ ਹਵਾਈ ਅੱਡਾ ਰਾਜਾਸਾਂਸੀ ਤੋਂ ਚੜ੍ਹਾ ਕੇ ਵਾਪਸ ਆ ਰਹੇ ਸਨ। ਜਦੋਂ ਪਿੰਡ ਜੀਵਨ ਪੰਧੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿੱਪਰ ਨੰਬਰ ਪੀਬੀ 02 – ਈਪੀ.3020 ਨਾਲ ਵਰਨਾ ਕਾਰ ਨੰਬਰ ਪੀਬੀ.07 ਏਜੀ 5956 ਸਿੱਧੀ ਜਾ ਟਕਰਾਈ ਜਿਸ ਵਿਚ ਬੈਠੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਵੀ ਪਲਟ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਕਾਫੀ ਜਦੋਜਹਿਦ ਮਗਰੋਂ ਕਾਰ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ।

ਮ੍ਰਿਤਕਾਂ ਵਿਚ ਦੋ ਔਰਤਾਂ ਤੇ ਦੋ ਵਿਅਕਤੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੋਜਾ ਥਾਣਾ ਘੁਮਾਣ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਪਿੰਡ ਬੋਜਾ, ਮਲਕੀਅਤ ਕੌਰ (65) ਪਤਨੀ ਗੁਰਦੇਵ ਸਿੰਘ, ਪਰਮਜੀਤ ਕੌਰ (45) ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਬੱਲਪੁਰੀਆਂ ਵਜੋਂ ਹੋਈ ਹੈ। ਇਸ ਮੌਕੇ ਥਾਣਾ ਤਰਸਿੱਕਾ ਦੇ ਐਸਐਚਓ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।