ਜਲੰਧਰ ਵਿੱਚ ਨਸ਼ੀਲੇ ਪਦਾਰਥਾਂ ਵਿਰੁੱਧ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ,4 ਕਿਲੋ 200 ਗ੍ਰਾਮ ਅਫੀਮ ਸਣੇ ਦੋ ਸਕੇ ਭਰਾ ਕਾਬੂ, ਮੁਕੱਦਮਾ ਦਰਜ
ਨਿਊਜ਼ ਪੰਜਾਬ
26 ਅਪ੍ਰੈਲ 2025
ਜਲੰਧਰ ਦਿਹਾਤੀ ਦੀ ਪੁਲਿਸ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ੳਨਾ ਤੋਂ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਨੇ ਐਸਪੀ ਇਨਵੈਸਟੀਗੇਸ਼ਨ ਸਰਬਜੀਤ ਰਾਏ ਤੇ ਡੀਐਸਪੀ ਆਦਮਪੁਰ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਭੋਗਪੁਰ ਨੇ ਪੁਲਿਸ ਪਾਰਟੀ ਸਮੇਤ ਅੱਡਾ ਲੱਦਰਾ ਬਾਹਦ ਘੋੜਾਵਾਹੀ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਤੇ ਜਾਂਚ ਕੀਤੀ। ਜਿਸ ਦੌਰਾਨ ਉਨ੍ਹਾਂ ਕੋਲੋਂ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ।
ਮੁਲਜ਼ਮਾ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਭੋਗਪੁਰ ਥਾਣੇ ਵਿੱਚ ਐਨ.ਡੀ.ਪੀ.ਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਵਸੀਮ ਵਾਸੀ ਫਾਜ਼ਿਲਪੁਰ ਜ਼ਿਲ੍ਹਾ ਸੁਜਾਨਪੁਰ ਤੇ ਰਫੀਕ ਵਾਸੀ ਫਾਜ਼ਿਲਪੁਰ ਜ਼ਿਲ੍ਹਾ ਸੁਜਾਨਪੁਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਦੋਵੇਂ ਸਕੇ ਭਰਾ ਹਨ ਤੇ ਇੱਕ ਢਾਬਾ ਚਲਾਉਂਦੇ ਹਨ। ਉਹ ਸਪਲਾਈ ਲਈ ਭੋਗਪੁਰ ਇਲਾਕੇ ਵਿੱਚ ਆਏ ਸਨ ਤੇ ਹੁਸ਼ਿਆਰਪੁਰ ਵੱਲ ਜਾ ਰਹੇ ਸੀ। ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਥੋੜ੍ਹੇ ਸਮੇਂ ਵਿੱਚ ਵੱਡੀ ਰਕਮ ਕਮਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਦੋਵੇਂ ਦੋਸ਼ੀ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਅਫੀਮ ਦੀਆਂ ਵੱਡੀਆਂ ਖੇਪਾਂ ਦੀ ਸਪਲਾਈ ਕਰਦੇ ਸਨ ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਨਸ਼ੀਲੇ ਪਦਾਰਥ ਵੇਚਦੇ ਸਨ। ਕਿਸੇ ਨੂੰ ਵੀ ਉਸ ‘ਤੇ ਸ਼ੱਕ ਨਹੀਂ ਸੀ ਕਿਉਂਕਿ ਉਹ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸੀ।